ਸਰੀ, ਬੀ.ਸੀ. (ਮਹੇਸ਼ਇੰਦਰ ਸਿੰਘ ਮਾਂਗਟ) ਸਰੀ ਵਾਸੀਆਂ ਨੂੰ ਪਰਿਵਾਰਿਕ ਡਾਕਟਰਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਸਰੀ ਸਿਟੀ ਵੱਲੋਂ ਸਹਾਇਤਾ ਪ੍ਰਾਪਤ ਪਹਿਲਾ ਮੈਡੀਕਲ ਕਲੀਨਿਕ ਖੋਲ੍ਹ ਦਿੱਤਾ ਗਿਆ ਹੈ। ਮੇਅਰ ਬਰੈਂਡਾ ਲੌਕ ਅਤੇ ਸਿਟੀ ਕੌਂਸਲ ਮੈਂਬਰਾਂ ਨੇ ਅੱਜ ਟੋਟਲ ਲਾਈਫ ਕੇਅਰ (TLC) ਸਰੀ ਸਿਟੀ ਸੈਂਟਰ ਕਲੀਨਿਕ ਦੇ ਉਦਘਾਟਨ ਮੌਕੇ ਸ਼ਿਰਕਤ ਕੀਤੀ।
ਕਿੰਗ ਜੌਰਜ ਬੁਲੇਵਾਰਡ ਸਥਿਤ #210–10362 King George Blvd. ਵਿਖੇ ਖੋਲ੍ਹੇ ਗਏ ਇਸ ਕਲੀਨਿਕ ਦਾ ਉਦੇਸ਼ ਸਰੀ ਵਾਸੀਆਂ ਦੀ ਪਰਿਵਾਰਿਕ ਡਾਕਟਰਾਂ ਤੱਕ ਪਹੁੰਚ ਵਧਾਉਣਾ ਹੈ। ਕਲੀਨਿਕ ਵਿੱਚ ਕੁੱਲ 10 ਪਰਿਵਾਰਿਕ ਡਾਕਟਰਾਂ ਦੀ ਨਿਯੁਕਤੀ ਦਾ ਟੀਚਾ ਰੱਖਿਆ ਗਿਆ ਹੈ। ਹਰ ਡਾਕਟਰ ਘੱਟੋ-ਘੱਟ 1,250 ਸਰੀ ਵਾਸੀਆਂ ਨੂੰ ਆਪਣੇ ਮਰੀਜ਼ ਵਜੋਂ ਜੋੜਨ ਦੀ ਸਮਰੱਥਾ ਰੱਖੇਗਾ।
ਸਿਟੀ ਦੀ ਕਮਿਊਨਿਟੀ ਮੈਡੀਕਲ ਕਲੀਨਿਕਸ ਇਨੀਸ਼ੀਏਟਿਵ ਤਹਿਤ ਇਹ ਪਹਿਲਾ ਕਲੀਨਿਕ ਹੈ। ਇਸ ਪਹਿਲ ਰਾਹੀਂ ਸਰੀ ਵਿੱਚ ਪਰਿਵਾਰਿਕ ਡਾਕਟਰਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਲਈ ਇੱਥੇ ਆਪਣੀ ਪ੍ਰੈਕਟਿਸ ਜਾਰੀ ਰੱਖਣ ਲਈ ਸੁਵਿਧਾਜਨਕ ਮਾਹੌਲ ਤਿਆਰ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਭਾਵੇਂ ਸਿਹਤ ਸੰਭਾਲ ਸਥਾਨਕ ਸਰਕਾਰ ਦੀ ਸਿੱਧੀ ਜ਼ਿੰਮੇਵਾਰੀ ਨਹੀਂ ਹੈ, ਪਰ ਸਰੀ ਵਿੱਚ ਪਰਿਵਾਰਿਕ ਡਾਕਟਰਾਂ ਦੀ ਘਾਟ ਨੂੰ ਦੇਖਦਿਆਂ ਸਿਟੀ ਲਈ ਇਸ ਮਾਮਲੇ ਵਿੱਚ ਕਦਮ ਚੁੱਕਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਸਿਟੀ ਨੇ ਸਾਂਝੇਦਾਰਾਂ ਨੂੰ ਇਕੱਠਾ ਕਰਕੇ ਡਾਕਟਰਾਂ ਲਈ ਸਰੀ ਵਿੱਚ ਪ੍ਰੈਕਟਿਸ ਕਰਨਾ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਪ੍ਰਾਜੈਕਟ ਤਹਿਤ ਸਿਟੀ ਕਲੀਨਿਕ ਲਈ ਜਗ੍ਹਾ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਏਗੀ, ਜਦਕਿ TLC ਮੈਡੀਕਲ ਕਲੀਨਿਕਸ ਵੱਲੋਂ ਕਲੀਨਿਕ ਦੇ ਰੋਜ਼ਾਨਾ ਪ੍ਰਬੰਧ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਜਾਵੇਗੀ। ਪਰਿਵਾਰਿਕ ਡਾਕਟਰ ਦੀ ਭਾਲ ਕਰ ਰਹੇ ਸਰੀ ਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਕਾਰਪੋਰੇਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜੋਏ ਬਰਾੜ ਨੇ ਕਿਹਾ ਕਿ ਇਹ ਪਹਿਲਾ ਕਲੀਨਿਕ ਭਵਿੱਖ ਵਿੱਚ ਸਰੀ ਭਰ ਵਿੱਚ 10 ਤੱਕ ਕਮਿਊਨਿਟੀ ਮੈਡੀਕਲ ਕਲੀਨਿਕਾਂ ਨੂੰ ਸਹਾਇਤਾ ਦੇਣ ਦੀ ਯੋਜਨਾ ਲਈ ਮਜ਼ਬੂਤ ਨੀਂਹ ਸਾਬਤ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਿਟੀ ਭਾਈਚਾਰੇ ਦੀ ਲੋੜ ਨੂੰ ਪੂਰਾ ਕਰਨ ਲਈ ਸਹੀ ਭਾਈਵਾਲਾਂ ਨੂੰ ਇਕੱਠਾ ਕਰਦੀ ਹੈ ਤਾਂ ਵੱਡੇ ਪੱਧਰ ’ਤੇ ਬਦਲਾਅ ਸੰਭਵ ਹੋ ਸਕਦਾ ਹੈ।
ਸਿਟੀ ਅਨੁਸਾਰ ਦੂਜਾ ਮੈਡੀਕਲ ਕਲੀਨਿਕ ਇਸ ਪਤਝੜ ਵਿੱਚ ਨਿਊਟਨ ਖੇਤਰ ਵਿੱਚ ਖੋਲ੍ਹੇ ਜਾਣ ਦੀ ਉਮੀਦ ਹੈ।
ਸਰੀ ਬੀ ਸੀ
ਸਰੀ ਵਾਸੀਆਂ ਲਈ ਪਹਿਲਾ ਸਿਟੀ-ਸਹਾਇਤਾ ਪ੍ਰਾਪਤ ਮੈਡੀਕਲ ਕਲੀਨਿਕ ਖੁੱਲ੍ਹਿਆ
