—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਕੈਨੇਡਾ

ਵੈਨਕੂਵਰ ਜਨਰਲ ਹਸਪਤਾਲ ’ਚ 3ਡੀ ਪ੍ਰਿੰਟਿੰਗ ਨਾਲ ਮਰੀਜ਼ਾਂ ਲਈ ਖ਼ਾਸ ਸਪਲਿੰਟ ਬਣਾਉਣ ਦੀ ਨਵੀਂ ਪ੍ਰਕਿਰਿਆ ਸ਼ੁਰੂ

ਵੈਨਕੂਵਰ, ਬੀ.ਸੀ. — ਵੈਨਕੂਵਰ ਅਤੇ ਆਲੇ-ਦੁਆਲੇ ਦੇ ਭਾਈਚਾਰਿਆਂ ਵਿੱਚ ਮੁੜ-ਵਸੇਬਾ (ਰੀਹੈਬਿਲੀਟੇਸ਼ਨ) ਸੇਵਾਵਾਂ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਵੈਨਕੂਵਰ ਜਨਰਲ ਹਸਪਤਾਲ ਨੇ ਮਰੀਜ਼ਾਂ ਲਈ ਵਿਅਕਤੀਗਤ ਲੋੜਾਂ ਅਨੁਸਾਰ 3ਡੀ-ਪ੍ਰਿੰਟ ਕੀਤੇ ਮੈਡੀਕਲ ਸਪਲਿੰਟ ਤਿਆਰ ਕਰਨ ਦੀ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਹੈ। ਦੱਸਿਆ ਗਿਆ ਹੈ ਕਿ ਇਹ ਪ੍ਰਕਿਰਿਆ ਨਾਰਥ ਅਮਰੀਕਾ ਵਿੱਚ ਆਪਣੀ ਕਿਸਮ ਦੀ ਪਹਿਲੀ ਹੈ।
ਨਵੀਂ ਤਕਨਾਲੋਜੀ ਦੀ ਮਦਦ ਨਾਲ ਹੱਥਾਂ ਦੀਆਂ ਸੱਟਾਂ, ਚਮੜੀ ਦੇ ਸੜਨ ਅਤੇ ਹੋਰ ਐਕਿਊਟ ਕੇਅਰ ਸਥਿਤੀਆਂ ਵਾਲੇ ਮਰੀਜ਼ਾਂ ਲਈ ਲੋੜ ਅਨੁਸਾਰ ਸਪਲਿੰਟ ਪਹਿਲਾਂ ਨਾਲੋਂ ਵਧੇਰੇ ਤੇਜ਼ੀ, ਸਟੀਕਤਾ ਅਤੇ ਇਕਸਾਰਤਾ ਨਾਲ ਤਿਆਰ ਕੀਤੇ ਜਾ ਸਕਣਗੇ। ਇਸ ਨਾਲ ਔਕਿਊਪੇਸ਼ਨਲ ਥੈਰੇਪਿਸਟਾਂ ਅਤੇ ਮਰੀਜ਼ਾਂ ਦਾ ਔਸਤਨ 60 ਤੋਂ 90 ਮਿੰਟ ਤੱਕ ਦਾ ਸਮਾਂ ਬਚਣ ਦੀ ਉਮੀਦ ਹੈ।
ਸਿਹਤ ਮੰਤਰੀ ਰਵੀ ਕਾਹਲੋਂ ਨੇ ਕਿਹਾ ਕਿ ਨਵੀਂ ਪ੍ਰਕਿਰਿਆ ਪਹਿਲਾਂ ਹੀ ਸਿਹਤ-ਸੰਭਾਲ ਪ੍ਰਦਾਤਾਵਾਂ ਅਤੇ ਮਰੀਜ਼ਾਂ ਦਾ ਕੀਮਤੀ ਸਮਾਂ ਬਚਾਉਣ ਵਿੱਚ ਮਦਦ ਕਰ ਰਹੀ ਹੈ। ਉਨ੍ਹਾਂ ਅਨੁਸਾਰ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਸਹੀ ਸਮੇਂ ’ਤੇ ਅਤੇ ਸੰਭਵ ਹੋਵੇ ਤਾਂ ਆਪਣੇ ਘਰ ਦੇ ਨੇੜੇ ਹੀ ਲੋੜੀਂਦੀ ਸਿਹਤ-ਸੰਭਾਲ ਮਿਲ ਸਕੇ।
ਰਵਾਇਤੀ ਤਰੀਕੇ ਨਾਲ ਲੱਗਦਾ ਸੀ ਦੋ ਘੰਟਿਆਂ ਤੱਕ ਸਮਾਂ
ਸਪਲਿੰਟ ਹੱਥਾਂ ਦੀਆਂ ਸੱਟਾਂ ਜਾਂ ਸੜਨ ਵਾਲੇ ਮਰੀਜ਼ਾਂ ਦੇ ਮੁੜ-ਵਸੇਬੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪਿਛਲੇ ਕਈ ਦਹਾਕਿਆਂ ਤੋਂ ਕਲੀਨੀਸ਼ੀਅਨ ਰਵਾਇਤੀ ਤਰੀਕਿਆਂ ਰਾਹੀਂ ਮਰੀਜ਼ਾਂ ਲਈ ਸਪਲਿੰਟ ਤਿਆਰ ਕਰਦੇ ਆ ਰਹੇ ਹਨ। ਇਨ੍ਹਾਂ ਤਰੀਕਿਆਂ ਵਿੱਚ ਵਿਸ਼ੇਸ਼ ਹੁਨਰ ਦੀ ਲੋੜ ਹੁੰਦੀ ਹੈ ਅਤੇ ਹਰ ਮਰੀਜ਼ ਦੀ ਸਰੀਰਕ ਬਣਤਰ ਅਤੇ ਇਲਾਜ ਦੀ ਲੋੜ ਮੁਤਾਬਕ ਸਪਲਿੰਟ ਤਿਆਰ ਕਰਨ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ।
ਰਵਾਇਤੀ ਪ੍ਰਕਿਰਿਆ ਵਿੱਚ ਮਰੀਜ਼ ਲਈ ਖ਼ਾਸ ਸਪਲਿੰਟ ਤਿਆਰ ਕਰਨ ਵਿੱਚ ਦੋ ਘੰਟਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਦੇ ਮੁਕਾਬਲੇ ਨਵੀਂ 34 ਪ੍ਰਿੰਟਿੰਗ ਪ੍ਰਕਿਰਿਆ ਵਿੱਚ ਕਲੀਨੀਸ਼ੀਅਨ ਦਾ ਲਗਭਗ 30 ਮਿੰਟ ਦਾ ਸਮਾਂ ਲੱਗਦਾ ਹੈ। ਇਸ ਨਾਲ ਨਾ ਸਿਰਫ਼ ਉਡੀਕ ਸਮਾਂ ਘਟਦਾ ਹੈ, ਸਗੋਂ ਥੈਰੇਪਿਸਟਾਂ ਨੂੰ ਬਚਿਆ ਹੋਇਆ ਸਮਾਂ ਸਿੱਧੇ ਤੌਰ ’ਤੇ ਮਰੀਜ਼ਾਂ ਦੀ ਸੰਭਾਲ ਵਿੱਚ ਲਗਾਉਣ ਦਾ ਮੌਕਾ ਮਿਲਦਾ ਹੈ।
ਮਰੀਜ਼ ਦੀ ਲੋੜ ਮੁਤਾਬਕ ਤਿਆਰ ਹੋਵੇਗਾ ਸਪਲਿੰਟ
ਇਸ ਨਵੀਂ ਪ੍ਰਕਿਰਿਆ ਵਿੱਚ ਔਕਿਊਪੇਸ਼ਨਲ ਥੈਰੇਪਿਸਟ ਪਹਿਲਾਂ ਮਰੀਜ਼ ਦਾ ਮੁਲਾਂਕਣ ਕਰਦੇ ਹਨ ਅਤੇ ਉਸ ਦੇ ਲੋੜੀਂਦੇ ਮਾਪ ਲੈਂਦੇ ਹਨ। ਇਸ ਤੋਂ ਬਾਅਦ ਇਹ ਡਾਟਾ ਸੁਰੱਖਿਅਤ ਤਰੀਕੇ ਨਾਲ 3ਡੀ ਪ੍ਰਿੰਟਿੰਗ ਕੰਪਨੀ ਨਾਲ ਸਾਂਝਾ ਕੀਤਾ ਜਾਂਦਾ ਹੈ, ਜਿੱਥੇ ਮਰੀਜ਼ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਡਿਜੀਟਲ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ।
ਡਿਜੀਟਲ ਡਿਜ਼ਾਈਨ ਤਿਆਰ ਹੋਣ ਤੋਂ ਬਾਅਦ ਸਪਲਿੰਟ ਵੈਨਕੂਵਰ ਜਨਰਲ ਹਸਪਤਾਲ ਵਿੱਚ ਹੀ 3ਡੀ ਪ੍ਰਿੰਟ ਕੀਤਾ ਜਾ ਸਕਦਾ ਹੈ। ਇਸ ਪ੍ਰਕਿਰਿਆ ਵਿੱਚ ਵਰਤੀ ਜਾਣ ਵਾਲੀ ਵਿਸ਼ੇਸ਼ ਸਮੱਗਰੀ ਕਾਰਨ ਲੋੜ ਪੈਣ ’ਤੇ ਔਕਿਊਪੇਸ਼ਨਲ ਥੈਰੇਪਿਸਟ ਸਪਲਿੰਟ ਵਿੱਚ ਤਬਦੀਲੀਆਂ ਵੀ ਕਰ ਸਕਦੇ ਹਨ।
ਇਹ ਪ੍ਰੋਜੈਕਟ ਵੈਨਕੂਵਰ ਜਨਰਲ ਹਸਪਤਾਲ ਦੇ ਔਕਿਊਪੇਸ਼ਨਲ ਥੈਰੇਪਿਸਟਾਂ ਦੀ ਟੀਮ ਵੱਲੋਂ ਕੈਨੇਡੀਅਨ ਮੈਡੀਕਲ 3ਡੀ-ਪ੍ਰਿੰਟਿੰਗ ਕੰਪਨੀ ‘ਪੌਲੀਯੂਨਿਟੀ’ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ।
ਮਰੀਜ਼ਾਂ ਦੀ ਰਿਕਵਰੀ ਅਤੇ ਆਤਮ-ਨਿਰਭਰਤਾ ’ਤੇ ਧਿਆਨ
ਵੈਨਕੂਵਰ ਕੋਸਟਲ ਹੈਲਥ ਦੀ ਔਕਿਊਪੇਸ਼ਨਲ ਥੈਰੇਪੀ ਪ੍ਰੈਕਟਿਸ ਲੀਡਰ ਮਿਰੀਅਮ ਵਿਕੇਟ ਨੇ ਕਿਹਾ ਕਿ ਔਕਿਊਪੇਸ਼ਨਲ ਥੈਰੇਪੀ ਵਿੱਚ ਹਰ ਨਵੀਨਤਾ ਦਾ ਮੁੱਖ ਉਦੇਸ਼ ਮਰੀਜ਼ਾਂ ਦੀ ਮੁੜ-ਸਿਹਤਯਾਬੀ ਨੂੰ ਸਹਿਯੋਗ ਦੇਣਾ, ਉਨ੍ਹਾਂ ਦੀ ਆਤਮ-ਨਿਰਭਰਤਾ ਕਾਇਮ ਰੱਖਣ ਵਿੱਚ ਮਦਦ ਕਰਨਾ ਅਤੇ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਮਹੱਤਵਪੂਰਨ ਗਤੀਵਿਧੀਆਂ ਵੱਲ ਵਾਪਸ ਲਿਆਉਣਾ ਹੈ। ਉਨ੍ਹਾਂ ਮੁਤਾਬਕ 3ਡੀ ਪ੍ਰਿੰਟਿੰਗ ਦੀ ਨਵੀਂ ਪਹੁੰਚ ਰਾਹੀਂ ਮਰੀਜ਼ਾਂ ਦੀਆਂ ਲੋੜਾਂ ਅਨੁਸਾਰ ਸਪਲਿੰਟ ਵਧੇਰੇ ਕੁਸ਼ਲਤਾ ਅਤੇ ਇਕਸਾਰਤਾ ਨਾਲ ਮੁਹੱਈਆ ਕਰਵਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਕਲੀਨਿਕਲ ਸਟਾਫ਼ ਦਾ ਕੀਮਤੀ ਸਮਾਂ ਵੀ ਬਚਦਾ ਹੈ, ਜਿਸ ਨੂੰ ਮਰੀਜ਼ਾਂ ਦੀ ਸਿੱਧੀ ਸੰਭਾਲ ਲਈ ਵਰਤਿਆ ਜਾ ਸਕਦਾ ਹੈ।
ਪੇਂਡੂ ਤੇ ਦੂਰ-ਦੁਰਾਡੇ ਖੇਤਰਾਂ ਤੱਕ ਸੇਵਾ ਲਿਜਾਣ ਦੀ ਯੋਜਨਾ
ਇਸ ਪਹਿਲ ਦਾ ਅਗਲਾ ਪੜਾਅ ਇਸ ਸੇਵਾ ਮਾਡਲ ਨੂੰ ਬੀ.ਸੀ. ਦੇ ਪੇਂਡੂ ਅਤੇ ਦੂਰ-ਦੁਰਾਡੇ ਭਾਈਚਾਰਿਆਂ ਤੱਕ ਪਹੁੰਚਾਉਣਾ ਹੈ। ਇਸ ਨਾਲ ਉੱਥੇ ਕੰਮ ਕਰ ਰਹੇ ਔਕਿਊਪੇਸ਼ਨਲ ਥੈਰੇਪਿਸਟਾਂ ਨੂੰ ਸਥਾਨਕ ਪੱਧਰ ’ਤੇ ਵਿਸ਼ੇਸ਼ ਸਪਲਿੰਟਿੰਗ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ ਮਰੀਜ਼ਾਂ ਨੂੰ ਵਿਸ਼ੇਸ਼ ਸਪਲਿੰਟਿੰਗ ਸੇਵਾਵਾਂ ਲਈ ਲੰਬਾ ਸਫ਼ਰ ਕਰਨ ਦੀ ਲੋੜ ਵੀ ਘੱਟ ਹੋ ਸਕਦੀ ਹੈ। ਸਿਹਤ ਅਧਿਕਾਰੀ ਇਸ ਗੱਲ ਦੀ ਵੀ ਪੜਚੋਲ ਕਰ ਰਹੇ ਹਨ ਕਿ ਭਵਿੱਖ ਵਿੱਚ 34 ਪ੍ਰਿੰਟਿੰਗ ਤਕਨਾਲੋਜੀ ਨੂੰ ਫਿਜ਼ੀਓਥੈਰੇਪੀ ਸਮੇਤ ਹੋਰ ਸਿਹਤ-ਸੰਭਾਲ ਖੇਤਰਾਂ ਵਿੱਚ ਕਿਵੇਂ ਵਰਤਿਆ ਜਾ ਸਕਦਾ ਹੈ। ਵੈਨਕੂਵਰ ਕੋਸਟਲ ਹੈਲਥ ਦੀ ਪ੍ਰੋਫੈਸ਼ਨਲ ਪ੍ਰੈਕਟਿਸ ਅਤੇ ਕੁਆਲਿਟੀ ਦੀ ਵਾਈਸ-ਪ੍ਰੈਜ਼ੀਡੈਂਟ ਅਤੇ ਚੀਫ ਕਲੀਨਿਕਲ ਇਨਫੋਰਮੇਸ਼ਨ ਅਫਸਰ ਲੌਰੇਨ ਬਲੈਕਬਰਨ ਮੁਤਾਬਕ, ਇਹ ਪਹਿਲ ਦਰਸਾਉਂਦੀ ਹੈ ਕਿ ਆਧੁਨਿਕ ਤਕਨਾਲੋਜੀ ਮਰੀਜ਼ਾਂ ਦੇ ਸਿਹਤ-ਸੰਭਾਲ ਅਨੁਭਵ ਅਤੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਦੇ ਨਾਲ ਕਲੀਨੀਸ਼ੀਅਨਾਂ ਦੇ ਕੰਮ ਨੂੰ ਵੀ ਸੁਚਾਰੂ ਕਰ ਸਕਦੀ ਹੈ। ਇਸ ਨਵੀਂ ਪ੍ਰਕਿਰਿਆ ਨਾਲ ਮਰੀਜ਼ਾਂ ਨੂੰ ਵਧੇਰੇ ਤੇਜ਼ੀ ਨਾਲ ਵਿਅਕਤੀਗਤ ਸਪਲਿੰਟ ਮਿਲਣ, ਇਲਾਜ ਜਲਦੀ ਸ਼ੁਰੂ ਹੋਣ ਅਤੇ ਮੁੜ-ਸਿਹਤਯਾਬੀ, ਗਤੀਸ਼ੀਲਤਾ ਤੇ ਆਤਮ-ਨਿਰਭਰਤਾ ਨੂੰ ਸਹਿਯੋਗ ਮਿਲਣ ਦੀ ਉਮੀਦ ਹੈ

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER