ਬਰਨਬੀ (ਅੰਮ੍ਰਿਤ ਧੋਟ): ਨਿਊ ਬਰਨਬੀ ਪਾਰਟੀ ਨੇ 2026 ਦੀਆਂ ਬਰਨਬੀ ਮਿਊਂਸਪਲ ਚੋਣਾਂ ਦੇ ਮੱਦੇਨਜ਼ਰ ਆਪਣਾ ਚੋਣ ਪਲੇਟਫਾਰਮ ਅਤੇ ਉਮੀਦਵਾਰਾਂ ਦੀ ਟੀਮ ਜਨਤਕ ਕਰ ਦਿੱਤੀ ਹੈ। ਪਾਰਟੀ ਵੱਲੋਂ ਜਾਰੀ ਕੀਤੇ ਪਲੇਟਫਾਰਮ ਵਿੱਚ ਬਰਨਬੀ ਵਾਸੀਆਂ ਨਾਲ ਜੁੜੇ ਕਈ ਸਥਾਨਕ ਮੁੱਦਿਆਂ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਜਨਤਕ ਸੁਰੱਖਿਆ, ਪ੍ਰਾਪਰਟੀ ਟੈਕਸ, ਮਿਊਂਸਪਲ ਖਰਚੇ, ਸਥਾਨਕ ਕਾਰੋਬਾਰ, ਆਵਾਜਾਈ, ਪਾਰਕਿੰਗ, ਪਾਰਕਾਂ ਅਤੇ ਇਲਾਕਿਆਂ ਦੀ ਸਫ਼ਾਈ ਮੁੱਖ ਤੌਰ ’ਤੇ ਸ਼ਾਮਲ ਹਨ।
ਪਾਰਟੀ ਦੇ ਅਨੁਸਾਰ, ਇਹ ਪਲੇਟਫਾਰਮ ਬਰਨਬੀ ਵਾਸੀਆਂ ਨਾਲ ਕੀਤੇ ਗਏ ਸਲਾਹ-ਮਸ਼ਵਰਿਆਂ ਅਤੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ। NBP ਦਾ ਕਹਿਣਾ ਹੈ ਕਿ ਉਸ ਦੀ ਟੀਮ ਮਿਊਂਸਪਲ ਸਰਕਾਰ ਵਿੱਚ ਵਿੱਤੀ ਜ਼ਿੰਮੇਵਾਰੀ, ਜਨਤਕ ਸੁਰੱਖਿਆ ਅਤੇ ਸਥਾਨਕ ਸੇਵਾਵਾਂ ਨੂੰ ਤਰਜੀਹ ਦੇਣ ’ਤੇ ਧਿਆਨ ਦੇਵੇਗੀ।
ਜਨਤਕ ਸੁਰੱਖਿਆ ’ਤੇ ਜ਼ੋਰ
NBP ਦੇ ਪਲੇਟਫਾਰਮ ਵਿੱਚ ਜਨਤਕ ਸੁਰੱਖਿਆ ਨੂੰ ਪ੍ਰਮੁੱਖ ਮੁੱਦਾ ਬਣਾਇਆ ਗਿਆ ਹੈ। ਪਾਰਟੀ ਵੱਲੋਂ ਜਨਤਕ ਥਾਵਾਂ ਅਤੇ ਸਰਕਾਰੀ ਫੰਡਾਂ ਨਾਲ ਚੱਲ ਰਹੀ ਰਿਹਾਇਸ਼ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਇਸ ਦੇ ਨਾਲ ਹੀ ਬਰਨਬੀ R3MP ਨੂੰ ਵਧੇਰੇ ਸਹਾਇਤਾ ਦੇਣ ਅਤੇ ਪੁਲਿਸ ਸਰੋਤਾਂ ਦੀ ਵੰਡ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਵਧਾਉਣ ਦੀ ਗੱਲ ਕੀਤੀ ਗਈ ਹੈ। ਪਾਰਟੀ ਨੇ ਟਰੈਫਿਕ ਸੁਰੱਖਿਆ ਨੂੰ ਵੀ ਆਪਣੇ ਪਲੇਟਫਾਰਮ ਦਾ ਹਿੱਸਾ ਬਣਾਉਂਦਿਆਂ ਰੋਕੀਆਂ ਜਾ ਸਕਣ ਵਾਲੀਆਂ ਟਰੈਫਿਕ ਮੌਤਾਂ ਨੂੰ ਘਟਾਉਣ ਲਈ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦਾ ਪ੍ਰਸਤਾਵ ਦਿੱਤਾ ਹੈ।
ਪਹਿਲੇ ਬਜਟ ਵਿੱਚ ਪ੍ਰਾਪਰਟੀ ਟੈਕਸ ਵਾਧਾ 0% ਰੱਖਣ ਦਾ ਪ੍ਰਸਤਾਵ
ਮਿਊਂਸਪਲ ਵਿੱਤ ਦੇ ਮਾਮਲੇ ਵਿੱਚ NBP ਨੇ ਆਪਣੇ ਪਹਿਲੇ ਬਜਟ ਦੌਰਾਨ ਪ੍ਰਾਪਰਟੀ ਟੈਕਸ ਵਿੱਚ 0% ਵਾਧੇ ਦਾ ਪ੍ਰਸਤਾਵ ਰੱਖਿਆ ਹੈ। ਪਾਰਟੀ ਦੇ ਪਲੇਟਫਾਰਮ ਮੁਤਾਬਕ ਇਸ ਤੋਂ ਬਾਅਦ ਅਗਲੇ ਚਾਰ ਸਾਲਾਂ ਵਿੱਚ ਟੈਕਸ ਵਾਧੇ ਨੂੰ ਮਹਿੰਗਾਈ ਦੀ ਦਰ ਤੱਕ ਸੀਮਤ ਰੱਖਣ ਦਾ ਟੀਚਾ ਹੋਵੇਗਾ।
ਪਾਰਟੀ ਨੇ ਵਿੱਤੀ ਸੰਜਮ, ਮਿਊਂਸਪਲ ਪ੍ਰਬੰਧਨ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਸਰਕਾਰੀ ਖਰਚਿਆਂ ਦੀ ਬਿਹਤਰ ਨਿਗਰਾਨੀ ਦੀ ਵੀ ਗੱਲ ਕੀਤੀ ਹੈ। N2P ਦਾ ਕਹਿਣਾ ਹੈ ਕਿ ਮਿਊਂਸਪਲ ਸਰੋਤਾਂ ਦੀ ਵਰਤੋਂ ਵਿੱਚ ਜਵਾਬਦੇਹੀ ਅਤੇ ਖਰਚਿਆਂ ਦੀ ਨਿਗਰਾਨੀ ’ਤੇ ਧਿਆਨ ਦੇਣ ਦੀ ਲੋੜ ਹੈ।
ਸਥਾਨਕ ਕਾਰੋਬਾਰਾਂ ਲਈ ਸਹੂਲਤਾਂ ਦਾ ਵਾਅਦਾ
ਆਰਥਿਕ ਵਿਕਾਸ ਦੇ ਖੇਤਰ ਵਿੱਚ ਪਾਰਟੀ ਨੇ ਸਥਾਨਕ ਕਾਰੋਬਾਰਾਂ ਲਈ ਵਧੇਰੇ ਲਚਕੀਲੀ ਜ਼ੋਨਿੰਗ ਨੀਤੀਆਂ ਲਿਆਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਤੋਂ ਇਲਾਵਾ ਰੁਜ਼ਗਾਰ ਪੈਦਾ ਕਰਨ ਵਾਲੀਆਂ ਅਤੇ ਤਕਨਾਲੋਜੀ ਖੇਤਰ ਨਾਲ ਸਬੰਧਤ ਕੰਪਨੀਆਂ ਲਈ ਸਹਾਇਤਾ ਵਧਾਉਣ ਦੀ ਗੱਲ ਕੀਤੀ ਗਈ ਹੈ।
NBP ਨੇ ਬਿਜ਼ਨਸ ਲਾਇਸੈਂਸ ਨਵੀਨੀਕਰਨ ਫੀਸ ਘਟਾਉਣ ਅਤੇ ਮਿਊਂਸਪਲ ਪਰਮਿਟਾਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਵੀ ਪ੍ਰਸਤਾਵ ਰੱਖਿਆ ਹੈ। ਪਾਰਟੀ ਮੁਤਾਬਕ ਇਨ੍ਹਾਂ ਕਦਮਾਂ ਦਾ ਉਦੇਸ਼ ਬਰਨਬੀ ਵਿੱਚ ਕਾਰੋਬਾਰ ਸ਼ੁਰੂ ਕਰਨ, ਮੌਜੂਦਾ ਕਾਰੋਬਾਰਾਂ ਦਾ ਵਿਸਥਾਰ ਕਰਨ ਅਤੇ ਨਿਵੇਸ਼ ਆਕਰਸ਼ਿਤ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ।
ਸਮਾਰਟ ਟਰੈਫਿਕ ਸਿਸਟਮ ਅਤੇ ਪਾਰਕਿੰਗ ’ਤੇ ਧਿਆਨ
ਆਵਾਜਾਈ ਦੇ ਮਾਮਲੇ ਵਿੱਚ NBP ਨੇ ਸਮਾਰਟ ਟ?ਰੈਫਿਕ ਸਿਗਨਲਾਂ ਦੀ ਵਰਤੋਂ ਵਧਾਉਣ ਦੀ ਗੱਲ ਕੀਤੀ ਹੈ। ਪਾਰਟੀ ਵੱਲੋਂ ਪਿਕ-ਅੱਪ, ਡਰੌਪ-ਆਫ ਅਤੇ ਡਿਲਿਵਰੀ ਲਈ ਵਧੇਰੇ ਨਿਰਧਾਰਤ ਜ਼ੋਨ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਟਰਾਂਜ਼ਿਟ ਸਟਾਪਾਂ ਦੀਆਂ ਥਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਸਥਾਨਕ ਪਾਰਕਿੰਗ ਦੀਆਂ ਲੋੜਾਂ ਬਾਰੇ ਨਿਵਾਸੀਆਂ ਨਾਲ ਸਲਾਹ-ਮਸ਼ਵਰਾ ਕਰਨ ਦੀ ਗੱਲ ਕੀਤੀ ਗਈ ਹੈ।
ਪਾਰਕਾਂ ਅਤੇ ਹਰੇ-ਭਰੇ ਖੇਤਰਾਂ ਦੀ ਸੰਭਾਲ
NBP ਦੇ ਪਲੇਟਫਾਰਮ ਵਿੱਚ ਬਰਨਬੀ ਦੇ ਪਾਰਕਾਂ ਅਤੇ ਹਰੇ-ਭਰੇ ਖੇਤਰਾਂ ਦੀ ਸੁਰੱਖਿਆ ਤੇ ਵਿਸਥਾਰ ਨੂੰ ਵੀ ਤਰਜੀਹ ਦਿੱਤੀ ਗਈ ਹੈ। ਪਾਰਟੀ ਨੇ ਸ਼ਹਿਰ ਦੇ ਦਰੱਖਤਾਂ ਦੇ ਕਵਰ ਨੂੰ ਕਾਇਮ ਰੱਖਣ ਅਤੇ ਲੋਕਾਂ ਲਈ ਪਾਰਕਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਦੇ ਪ੍ਰਸਤਾਵ ਰੱਖੇ ਹਨ। ਇਸ ਦੇ ਨਾਲ ਹੀ ਗ੍ਰੈਫਿਟੀ ਹਟਾਉਣ ਅਤੇ ਰਿਹਾਇਸ਼ੀ ਇਲਾਕਿਆਂ ਦੀ ਸਫ਼ਾਈ ਨੂੰ ਲਗਾਤਾਰ ਧਿਆਨ ਦੇਣ ਵਾਲੇ ਮਿਊਂਸਪਲ ਮੁੱਦਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਬਰਨਬੀ ਸਿਟੀ ਕੌਂਸਲ ਲਈ ਉਮੀਦਵਾਰ
ਨਿਊ ਬਰਨਬੀ ਪਾਰਟੀ ਨੇ ਬਰਨਬੀ ਸਿਟੀ ਕੌਂਸਲ ਲਈ ਹੇਠ ਲਿਖੇ ਉਮੀਦਵਾਰਾਂ ਦੇ ਨਾਂ ਜਾਰੀ ਕੀਤੇ ਹਨ:
Richard T. Lee, Avtar Dhinsa, Morgan Nichols figueiredo Hadis, Neha Unadkat, David Xie
ਬਰਨਬੀ ਸਕੂਲ ਟਰੱਸਟੀ ਲਈ ਉਮੀਦਵਾਰ
ਸਕੂਲ ਟਰੱਸਟੀ ਲਈ ਪਾਰਟੀ ਵੱਲੋਂ: Sabrina Yang Had, Haini Xiao ਦੇ ਨਾਂ ਐਲਾਨੇ ਗਏ ਹਨ।
ਨਿਊ ਬਰਨਬੀ ਪਾਰਟੀ ਮੁਤਾਬਕ 2026 ਦੀਆਂ ਮਿਊਂਸਪਲ ਚੋਣਾਂ ਲਈ ਜਾਰੀ ਕੀਤਾ ਗਿਆ ਪਲੇਟਫਾਰਮ ਬਰਨਬੀ ਵਾਸੀਆਂ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਸਥਾਨਕ ਪੱਧਰ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਪਾਰਟੀ ਨੇ ਜਨਤਕ ਸੁਰੱਖਿਆ, ਟੈਕਸ ਅਤੇ ਮਿਊਂਸਪਲ ਖਰਚਿਆਂ, ਕਾਰੋਬਾਰੀ ਮਾਹੌਲ, ਆਵਾਜਾਈ ਅਤੇ ਸ਼ਹਿਰੀ ਸਫ਼ਾਈ ਵਰਗੇ ਮੁੱਦਿਆਂ ਨੂੰ ਆਪਣੀ ਚੋਣ ਮੁਹਿੰਮ ਦੇ ਕੇਂਦਰ ਵਿੱਚ ਰੱਖਿਆ ਹੈ।
Uncategorized
ਨਿਊ ਬਰਨਬੀ ਪਾਰਟੀ ਵੱਲੋਂ 2026 ਮਿਊਂਸਪਲ ਚੋਣਾਂ ਲਈ ਪਲੇਟਫਾਰਮ ਤੇ ਉਮੀਦਵਾਰਾਂ ਦੀ ਸੂਚੀ ਜਾਰੀ
