ਮੈਪਲ ਰਿਜ ਆਰਸੀਐਮਪੀ ਨੇ ਤੁਰੰਤ ਲਾਈਫ-ਸੇਵਿੰਗ ਉਪਾਅ ਕੀਤੇ, ਏਅਰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਬੱਚਾ
ਵੈਨਕੂਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਥਿਤ ਵੋਨੋਕ ਲੇਕ ਵਿਖੇ ਇੱਕ 2 ਸਾਲਾ ਬੱਚੇ ਨਾਲ ਵਾਪਰੇ ਦੁਖਦਾਈ ਹਾਦਸੇ ਤੋਂ ਬਾਅਦ ਮੈਪਲ ਰਿਜ ਆਰਸੀਐਮਪੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਦੀ ਜਾਨ ਬਚਾਉਣ ਲਈ ਜੀਵਨ-ਰੱਖਿਆ ਉਪਾਅ ਕੀਤੇ ਗਏ। ਪੁਲਿਸ ਮੁਤਾਬਕ 27 ਜੁਲਾਈ 2026 ਨੂੰ ਸ਼ਾਮ ਕਰੀਬ 8 ਵਜੇ ਮੈਪਲ ਰਿਜ ਆਰਸੀਐਮਪੀ ਨੂੰ 27800 ਬਲਾਕ, 113 ਐਵੇਨਿਊ ਸਥਿਤ ਵੋਨੋਕ ਲੇਕ ਵਿਖੇ ਇੱਕ ਮੈਡੀਕਲ ਐਮਰਜੈਂਸੀ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਦੇਖਿਆ ਕਿ ਇੱਕ 2 ਸਾਲਾ ਬੱਚਾ ਕਥਿਤ ਤੌਰ ’ਤੇ ਪਾਣੀ ਵਿੱਚ ਡਿੱਗਣ ਕਾਰਨ ਗੰਭੀਰ ਹਾਲਤ ਵਿੱਚ ਸੀ। ਆਰਸੀਐਮਪੀ ਦੇ ਅਧਿਕਾਰੀਆਂ ਨੇ ਤੁਰੰਤ ਲਾਈਫ-ਸੇਵਿੰਗ ਉਪਾਅ ਸ਼ੁਰੂ ਕੀਤੇ। ਬਾਅਦ ਵਿੱਚ ਐਮਰਜੈਂਸੀ ਹੈਲਥ ਸਰਵਿਸਿਜ਼ ਦੀ ਟੀਮ ਨੇ ਇਲਾਜ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਬੱਚੇ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਬੱਚਾ ਇਸ ਵੇਲੇ ਵੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੁਲਿਸ ਨੇ ਘਟਨਾ ਸਥਾਨ ਨੂੰ ਸੁਰੱਖਿਅਤ ਕਰਕੇ ਗਵਾਹਾਂ ਅਤੇ ਮੌਕੇ ’ਤੇ ਮੌਜੂਦ ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਅਧਿਕਾਰੀ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਨ। ਪੁਲਿਸ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੀਆਂ ਦੁਆਵਾਂ ਬੱਚੇ ਅਤੇ ਉਸਦੇ ਪਰਿਵਾਰ ਨਾਲ ਹਨ। ਜੇਕਰ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੈ ਅਤੇ ਉਸ ਨੇ ਅਜੇ ਤੱਕ ਪੁਲਿਸ ਨਾਲ ਸੰਪਰਕ ਨਹੀਂ ਕੀਤਾ, ਤਾਂ ਉਹ Maple Ridge R3MP ਨਾਲ 604-463-6251 ’ਤੇ ਸੰਪਰਕ ਕਰਕੇ ਫਾਈਲ ਨੰਬਰ 2026-14366 ਦਾ ਹਵਾਲਾ ਦੇ ਸਕਦਾ ਹੈ। ਆਰਸੀਐਮਪੀ ਨੇ ਲੋਕਾਂ ਨੂੰ ਗਰਮੀਆਂ ਦੇ ਮੌਸਮ ਦੌਰਾਨ ਝੀਲਾਂ ਅਤੇ ਦਰਿਆਵਾਂ ਨੇੜੇ ਵਧੇਰੇ ਸਾਵਧਾਨ ਰਹਿਣ ਅਤੇ ਪਾਣੀ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਹਾਲੀਆ ਸਮੇਂ ਵਿੱਚ ਖੇਤਰ ਵਿੱਚ ਪਾਣੀ ਨਾਲ ਜੁੜੀਆਂ ਕਈ ਦੁਖਦਾਈ ਘਟਨਾਵਾਂ ਸਾਹਮਣੇ ਆਈਆਂ ਹਨ।






