
ਸਰੀ ਬੀ ਸੀ (ਖੰਡੌਲੀ) 2 ਅਗਸਤ: ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਕਰਵਾਇਆ ਗਿਆ 30ਵਾਂ “ਮੇਲਾ ਗਦਰੀ ਬਾਬਿਆਂ ਦਾ” ਐਤਵਾਰ, 2 ਅਗਸਤ 2026 ਨੂੰ ਬੇਅਰ ਕ੍ਰੀਕ ਪਾਰਕ, ਸਰੀ ਵਿਖੇ ਬਹੁਤ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਦਿਨ ਭਰ ਚੱਲੇ ਇਸ ਮੇਲੇ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕਰਕੇ ਗਦਰੀ ਬਾਬਿਆਂ ਦੀ ਕੁਰਬਾਨੀ ਨੂੰ ਨਮਨ ਕੀਤਾ ਅਤੇ ਪੰਜਾਬੀ ਵਿਰਸੇ ਨਾਲ ਜੁੜੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਮਾਣਿਆ।
ਮੇਲੇ ਦੌਰਾਨ ਮੰਚ ’ਤੇ ਪੰਜਾਬੀ ਦੇ ਪ੍ਰਸਿੱਧ ਕਲਾਕਾਰ ਸੁਖਵਿੰਦਰ ਸੁੱਖੀ, ਅਨਮੋਲ ਵਿਰਕ, ਲੱਖਾ-ਰਾਜ, ਲਾਲੀ ਧਾਲੀਵਾਲ, ਮਨਜੋਤ ਢਿੱਲੋਂ, ਗੋਰਾ ਚੱਕਵਾਲਾ, ਗੁਰਵਿੰਦਰ ਬਰਾੜ ਅਤੇ ਪ੍ਰਿਆ ਨਿੱਝਰ ਅਨਮੋਲ ਰਤਨ ਗਰੁੱਪ ਅਤੇ ਹੋਰ ਕਈ ਗਾਇਕਾਂ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸੱਭਿਆਚਾਰਕ ਪੇਸ਼ਕਾਰੀਆਂ, ਪੰਜਾਬੀ ਲੋਕ-ਗੀਤ ਅਤੇ ਪਰਿਵਾਰਕ ਮਾਹੌਲ ਨੇ ਮੇਲੇ ਨੂੰ ਯਾਦਗਾਰ ਬਣਾ ਦਿੱਤਾ।
ਸਮਾਗਮ ਵਿੱਚ ਸਿਆਸੀ ਅਤੇ ਭਾਈਚਾਰਕ ਆਗੂਆਂ ਦੀ ਵੀ ਵੱਡੀ ਸ਼ਮੂਲੀਅਤ ਰਹੀ। ਸਰੀ ਸਿਟੀ ਕੌਂਸਲ ਦੀਆਂ 17 ਅਕਤੂਬਰ ਨੂੰ ਆਉਣ ਵਾਲੀਆਂ ਚੋਣਾਂ ਦੇ ਸੰਦਰਭ ਵਿੱਚ ਮੇਅਰ ਅਹੁਦੇ ਲਈ ਉਮੀਦਵਾਰ ਬ੍ਰੈਂਡਾ ਲੌਕ, ਹੋਨਵੀਰ ਸਿੰਘ ਰੰਧਾਵਾ, ਡੱਗ ਮੈਕਕਾਲਮ ਅਤੇ ਲੰਿਡਾ ਐਨਿਸ ਨੇ ਮੇਲੇ ਵਿੱਚ ਹਾਜ਼ਰੀ ਲਗਾਈ। ਇਸ ਤੋਂ ਇਲਾਵਾ ਕੌਂਸਲਰ ਅਹੁਦੇ ਲਈ ਚੋਣ ਲੜ ਰਹੇ ਮਨਦੀਪ ਨਾਗਰਾ, ਪਰਮਿੰਦਰ ਚੌਹਾਨ, ਪਵਨ ਜੋਸ਼ੀ Delta One , ਸ਼ੈਨਾ ਵਰਮਾਨੀ, ਰਿੱਕੀ ਬਾਜਵਾ, ਸੋਹਾਨਾ ਗਿੱਲ, ਮੀਰਾ ਗਿੱਲ ਅਤੇ ਸਕੂਲ ਟਰੱਸਟੀ ਵਜੋਂ ਗੇਰੀ ਥਿੰਦ, ਨਿੰਮੀ ਧੌਲਾ ਸਮੇਤ ਹੋਰ ਕਈ ਉਮੀਦਵਾਰਾਂ ਨੇ ਵੀ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ ਭਾਈਚਾਰੇ ਨਾਲ ਰਾਬਤਾ ਕਾਇਮ ਕੀਤਾ।
ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਨੇ ਵੀ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਸਰੀ–ਨਿਊਟਨ ਤੋਂ ਸੰਸਦ ਮੈਂਬਰ (MP) ਸੁਖ ਧਾਲੀਵਾਲ, ਐਮਐਲਏ ਜਗਰੂਪ ਬਰਾੜ, ਰਵੀ ਪਰਮਾਰ ਅਤੇ ਬੀ.ਸੀ. ਐਨਡੀਪੀ ਦੇ ਪ੍ਰਧਾਨ ਅਮਨ ਸਿੰਘ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਨੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਗਦਰੀ ਬਾਬਿਆਂ ਦੀ ਵਿਰਾਸਤ ਨੂੰ ਸਾਂਭਣ ਅਤੇ ਪੰਜਾਬੀ ਸੱਭਿਆਚਾਰ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕੀਤੀ। ਅਤੇ ਬੀ ਸੀ ਸਰਕਾਰ ਵੱਲੋਂ ਮੇਲੇ ਦੇ ਪ੍ਰਬੰਧਕਾਂ ਨੂੰ ਇੱਕ ਸਨਮਾਨ ਅਤੇ ਸੰਦੇਸ਼ ਦਿੱਤਾ ਗਿਆ ।
ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਯੋਗ ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸਮਾਜ, ਸਾਹਿਤ ਅਤੇ ਭਾਈਚਾਰੇ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਕਈ ਮਾਣਯੋਗ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਜਿਨ੍ਹਾਂ ਵਿੱਚ ਗੁਰੂ ਨਾਨਕ ਫੂਡ ਬੈਂਕ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਵਾਲੀਆ , ਪ੍ਰਸਿੱਧ ਐਕਟੀਵਿਸਟ ਹਾਕਮ ਭੁੱਲਰ ਅਤੇ ਟੋਰਾਂਟੋ ਤੋਂ ਪਹੁੰਚੇ ਸਤਿੰਦਰ ਪਾਲ ਸਿੱਧਵਾਂ ਜੀ ਸ਼ਾਮਲ ਸਨ। ਇਸ ਤੋਂ ਇਲਾਵਾ ਹੋਰ ਕਈ ਯੋਗ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਸੁਖਵੀਰ ਬਿੱਲਾ ਮਹਿਲੰਹਗਮ ਵਾਲਿਆਂ ਅਤੇ ਰਾਮਿੰਦਰਜੀਤ ਧਾਮੀ ਵੱਲੋਂ ਅਹਿਮ ਭੂਮਿਕਾ ਨਿਭਾਈ।
ਫਾਊਂਡੇਸ਼ਨ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਹਾਜ਼ਰ ਸ਼ਖ਼ਸੀਅਤਾਂ ਨੇ ਸ਼ਲਾਘਾ ਕੀਤੀ ਅਤੇ ਸਮਾਜ ਲਈ ਨਿਰੰਤਰ ਸੇਵਾ ਕਰਨ ਵਾਲੇ ਵਿਅਕਤੀਆਂ ਨੂੰ ਮਾਣ ਦੇਣ ਦੀ ਇਸ ਕੋਸ਼ਿਸ਼ ਨੂੰ ਇੱਕ ਪ੍ਰੇਰਣਾਦਾਇਕ ਕਦਮ ਦੱਸਿਆ।
ਸਮਾਗਮ ਦੌਰਾਨ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਲਗਾਈ। ਮੰਚ ਤੋਂ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਅਤੇ ਗਦਰੀ ਬਾਬਿਆਂ ਦੀ ਵਿਰਾਸਤ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਅੰਤ ਵਿੱਚ ਸਾਹਿਬ ਸਿੰਘ ਥਿੰਦ ਵੱਲੋਂ ਵਿਸ਼ੇਸ਼ ਤੌਰ ਤੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। GKM MEDIA TV ਵੱਲੋਂ ਮੇਲੇ ਦੀ ਵਿਸ਼ੇਸ਼ ਤੌਰ ਤੇ ਲਾਈਵ ਕਵਰੇਜ ਕੀਤੀ ਗਈ, ਜਿਸ ਰਾਹੀਂ ਦੇਸ਼-ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਨੇ ਵੀ ਇਸ ਇਤਿਹਾਸਕ ਅਤੇ ਸੱਭਿਆਚਾਰਕ ਸਮਾਗਮ ਦਾ ਆਨੰਦ ਮਾਣਿਆ। GKM MEDIA TV ਵੱਲੋਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਅਤੇ ਸਮੂਹ ਪ੍ਰਬੰਧਕ ਟੀਮ ਨੂੰ ਇਸ ਸਫਲ ਆਯੋਜਨ ਲਈ ਵਧਾਈ।







