—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਕੈਨੇਡਾ

Canada ਦੀ ਸਭ ਤੋਂ ਵੱਡੀ 22 ਮਿਲੀਅਨ ਡਾਲਰ (185 ਕਰੋੜ) ਦੇ ਸੋਨੇ ਦੀ ਚੋਰੀ: ਪੰਜਾਬੀ ਮੂਲ ਦੇ Parmpal Sidhu ਖਿਲਾਫ਼ ਅਦਾਲਤੀ ਸੁਣਵਾਈ ਸ਼ੁਰੂ

ਬਰੈਂਪਟਨ: ਕੈਨੇਡਾ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਸੋਨੇ ਦੀਆਂ ਚੋਰੀਆਂ ਵਿੱਚੋਂ ਇੱਕ ਮੰਨੀ ਜਾ ਰਹੀ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੀ ਕਰੀਬ 22 ਮਿਲੀਅਨ ਕੈਨੇਡੀਅਨ ਡਾਲਰ ਦੀ ਸੋਨੇ ਅਤੇ ਨਕਦੀ ਦੀ ਚੋਰੀ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਪਰਮਪਾਲ ਸਿੱਧੂ (Parmpal Sidhu) ਖ਼ਿਲਾਫ਼ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਸਿੱਧੂ ’ਤੇ 2023 ਵਿੱਚ ਹੋਈ ਇਸ ਚੋਰੀ ਵਿੱਚ ਅੰਦਰੂਨੀ ਮਦਦ ਦੇਣ ਦਾ ਦੋਸ਼ ਹੈ। ਉਸ ਨੇ ਆਪਣੇ ਉੱਪਰ ਲੱਗੇ 5,000 ਡਾਲਰ ਤੋਂ ਵੱਧ ਦੀ ਚੋਰੀ ਅਤੇ ਇੱਕ indictable offence ਕਰਨ ਦੀ ਸਾਜ਼ਿਸ਼ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ 17 ਅਪ੍ਰੈਲ 2023 ਨੂੰ ਜ਼ਿਊਰਿਖ, ਸਵਿਟਜ਼ਰਲੈਂਡ ਤੋਂ ਟੋਰਾਂਟੋ ਪਹੁੰਚੀ ਇੱਕ Air Canada ਦੀ ਉਡਾਣ ਰਾਹੀਂ ਭੇਜੀ ਗਈ ਕੀਮਤੀ ਖੇਪ ਨੂੰ ਪੀਅਰਸਨ ਏਅਰਪੋਰਟ ਦੇ ਕਾਰਗੋ ਕੇਂਦਰ ਵਿੱਚ ਰੱਖਿਆ ਗਿਆ ਸੀ। ਪੁਲਿਸ ਮੁਤਾਬਕ ਇਸ ਖੇਪ ਵਿੱਚ ਲਗਭਗ 400 ਕਿਲੋਗ੍ਰਾਮ 99.99 ਫੀਸਦੀ ਸ਼ੁੱਧ ਸੋਨਾ, ਕਰੀਬ 6,600 ਸੋਨੇ ਦੀਆਂ ਬਾਰਾਂ ਅਤੇ ਲਗਭਗ 2.5 ਮਿਲੀਅਨ ਕੈਨੇਡੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਸ਼ਾਮਲ ਸੀ।

ਸਰਕਾਰੀ ਵਕੀਲ ਦਾ ਦਾਅਵਾ—ਸਿੱਧੂ ਸੀ ‘ਇਨਸਾਈਡ ਮੈਨ’

ਬਰੈਂਪਟਨ ਦੀ ਅਦਾਲਤ ਵਿੱਚ ਸਰਕਾਰੀ ਵਕੀਲ ਜੇਲੇਨਾ ਵਲਾਸਿਕ ਨੇ ਦਲੀਲ ਦਿੱਤੀ ਕਿ ਸਿੱਧੂ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਕੋਲ ਏਅਰਲਾਈਨ ਦੇ ਕਾਰਗੋ ਸਿਸਟਮ ਤੱਕ ਪਹੁੰਚ ਅਤੇ ਅੰਦਰੂਨੀ ਜਾਣਕਾਰੀ ਸੀ। Crown ਦੇ ਅਨੁਸਾਰ, ਇਸ ਪਹੁੰਚ ਦੀ ਵਰਤੋਂ ਕਰਕੇ ਚੋਰੀ ਦੀ ਯੋਜਨਾ ਨੂੰ ਅਮਲੀ ਰੂਪ ਦੇਣ ਵਿੱਚ ਮਦਦ ਕੀਤੀ ਗਈ।

ਪ੍ਰੋਸੀਕਿਊਸ਼ਨ ਦਾ ਦੋਸ਼ ਹੈ ਕਿ ਸੋਨੇ ਦੀ ਖੇਪ ਨੂੰ ਕਾਰਗੋ ਸੈਂਟਰ ਤੋਂ ਬਾਹਰ ਕੱਢਣ ਲਈ ਵਰਤਿਆ ਗਿਆ ਇੱਕ ਜਾਅਲੀ ਏਅਰ ਵੇਬਿਲ (air waybill) ਚੋਰੀ ਤੋਂ ਇੱਕ ਦਿਨ ਪਹਿਲਾਂ ਕਾਰਗੋ ਸਹੂਲਤ ਵਿੱਚ ਹੀ ਪ੍ਰਿੰਟ ਕੀਤਾ ਗਿਆ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਇਹ ਦਸਤਾਵੇਜ਼ ਸਿੱਧੂ ਦੇ ਕਰਮਚਾਰੀ ਪ੍ਰੋਫਾਈਲ ਦੀ ਵਰਤੋਂ ਕਰਕੇ ਪ੍ਰਿੰਟ ਹੋਇਆ ਸੀ ਅਤੇ Crown ਦਾ ਦੋਸ਼ ਹੈ ਕਿ ਇਸ ਨੂੰ ਸਿੱਧੂ ਨੇ ਹੀ ਪ੍ਰਿੰਟ ਕੀਤਾ।

ਮੱਛੀ ਦੀ ਖੇਪ ਵਾਲੇ ਦਸਤਾਵੇਜ਼ ਨਾਲ ਸੋਨਾ ਲੈ ਜਾਣ ਦਾ ਦੋਸ਼

ਅਦਾਲਤ ਵਿੱਚ ਪੇਸ਼ ਕੀਤੀ ਗਈ Crown ਦੀ ਕਹਾਣੀ ਮੁਤਾਬਕ ਜਿਸ ਵਿਅਕਤੀ ਨੇ ਸੋਨੇ ਦੀ ਖੇਪ ਲੈਣ ਲਈ ਕਾਰਗੋ ਸੈਂਟਰ ਪਹੁੰਚਣਾ ਸੀ, ਉਸ ਕੋਲ ਅਸਲ ਵਿੱਚ ਮੱਛੀ ਜਾਂ seafood ਦੀ ਖੇਪ ਨਾਲ ਸਬੰਧਤ ਦਸਤਾਵੇਜ਼ ਸੀ। ਪਰ ਇਸ ਦਸਤਾਵੇਜ਼ ਵਿੱਚ ਹੱਥ ਨਾਲ ਇੱਕ ਨੰਬਰ ਲਿਖ ਕੇ ਉਸ ਨੂੰ ਸੋਨੇ ਵਾਲੀ ਖੇਪ ਨਾਲ ਜੋੜ ਦਿੱਤਾ ਗਿਆ।

Crown ਦਾ ਦੋਸ਼ ਹੈ ਕਿ ਇਹ ਬਦਲਿਆ ਹੋਇਆ ਏਅਰ ਵੇਬਿਲ ਹੀ ਉਹ ਦਸਤਾਵੇਜ਼ ਸੀ ਜਿਸ ਦੀ ਮਦਦ ਨਾਲ ਡਰਾਈਵਰ ਨੇ ਕਾਰਗੋ ਸਟਾਫ ਤੋਂ ਕਰੋੜਾਂ ਡਾਲਰ ਦਾ ਸੋਨਾ ਅਤੇ ਵਿਦੇਸ਼ੀ ਕਰੰਸੀ ਆਪਣੇ ਕਬਜ਼ੇ ਵਿੱਚ ਲੈ ਲਈ।

ਪ੍ਰੋਸੀਕਿਊਸ਼ਨ ਮੁਤਾਬਕ ਇਹ ਕਾਰਵਾਈ ਕਰਨ ਵਾਲਾ ਡਰਾਈਵਰ Durante King-Mclean ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ ਉਹ ਚੋਰੀ ਤੋਂ ਥੋੜ੍ਹੇ ਸਮੇਂ ਬਾਅਦ ਅਮਰੀਕਾ ਭੱਜ ਗਿਆ ਸੀ ਅਤੇ ਸਤੰਬਰ 2023 ਵਿੱਚ ਪੈਨਸਿਲਵੇਨੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ ਉਸ ਨੇ ਇੱਕ ਵੱਖਰੇ ਹਥਿਆਰਾਂ ਦੀ ਤਸਕਰੀ ਨਾਲ ਸਬੰਧਤ ਮਾਮਲੇ ਵਿੱਚ ਦੋਸ਼ ਕਬੂਲ ਕੀਤਾ ਸੀ।

ਸਿੱਧੂ ਦੇ ਕਰਮਚਾਰੀ ਪ੍ਰੋਫਾਈਲ ਦੀ ਵਰਤੋਂ ਕਿਵੇਂ ਹੋਈ?

ਮਾਮਲੇ ਦੀ ਸੁਣਵਾਈ ਦੌਰਾਨ Air Canada ਦੀ ਉਸ ਸਮੇਂ ਦੀ ਕਾਰਗੋ ਆਪਰੇਸ਼ਨਜ਼ ਮੈਨੇਜਰ ਯੇਲਿਜ਼ਾਵੇਤਾ ਜ਼ਾਰਿਤਸਕਾਇਆ ਨੇ ਵੀ ਗਵਾਹੀ ਦਿੱਤੀ। ਅਦਾਲਤ ਨੂੰ ਦੱਸਿਆ ਗਿਆ ਕਿ ਸੋਨੇ ਦੀ ਖੇਪ ਤੋਂ ਉਸ ਦੀ ‘high-value’ designation ਹਟਾਈ ਗਈ ਸੀ, ਜਦੋਂ ਉਹ ਖ਼ੁਦ ਡਿਊਟੀ ’ਤੇ ਨਹੀਂ ਸੀ।

ਗਵਾਹੀ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਸ ਸਮੇਂ ਮੈਨੇਜਰਾਂ ਦੇ ਦਫ਼ਤਰਾਂ ਵਿੱਚ ਕੰਪਿਊਟਰ ਸਾਂਝੇ ਤੌਰ ’ਤੇ ਵਰਤੇ ਜਾਂਦੇ ਸਨ ਅਤੇ ਕਈ ਵਾਰ ਕਰਮਚਾਰੀ ਕਿਸੇ ਹੋਰ ਮੈਨੇਜਰ ਦੇ ਲੌਗਇਨ ਕੀਤੇ ਪ੍ਰੋਫਾਈਲ ਵਾਲੇ ਕੰਪਿਊਟਰ ’ਤੇ ਛੋਟੇ-ਮੋਟੇ ਕੰਮ ਕਰ ਲੈਂਦੇ ਸਨ। ਬਚਾਅ ਪੱਖ ਵੱਲੋਂ ਇਸ ਪ੍ਰਬੰਧ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਸਵਾਲ ਪੁੱਛੇ ਗਏ।

ਗਵਾਹ ਨੇ ਅਦਾਲਤ ਨੂੰ ਦੱਸਿਆ ਕਿ ਸੋਨੇ ਦੀ ਖੇਪ ਦੀ high-value designation ਹਟਾਏ ਜਾਣ ਕਾਰਨ ਉਹ ਆਮ ਕਾਰਗੋ ਵਾਂਗ ਦਿਖਾਈ ਦੇ ਸਕਦੀ ਸੀ। ਉਸ ਨੇ ਕਿਹਾ ਕਿ ਉਸ ਸਮੇਂ ਦੀਆਂ ਸੁਰੱਖਿਆ ਵਿਵਸਥਾਵਾਂ ਵਿੱਚ ਕਮੀਆਂ ਸਨ ਅਤੇ ਚੋਰੀ ਤੋਂ ਬਾਅਦ Air Canada ਵੱਲੋਂ ਸੁਰੱਖਿਆ ਪ੍ਰੋਟੋਕੋਲ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ।

CCTV ਵਿੱਚ ਟਰੱਕ ਅਤੇ ਨਕਾਬਪੋਸ਼ ਡਰਾਈਵਰ

ਸੁਣਵਾਈ ਦੌਰਾਨ ਅਦਾਲਤ ਵਿੱਚ ਏਅਰਪੋਰਟ ਕਾਰਗੋ ਸੈਂਟਰ ਦੀ CCTV ਫੁਟੇਜ ਵੀ ਦਿਖਾਈ ਗਈ। ਫੁਟੇਜ ਵਿੱਚ ਇੱਕ ਚਿੱਟਾ ਟਰੱਕ loading bay ਵਿੱਚ ਦਾਖ਼ਲ ਹੁੰਦਾ ਦਿਖਾਈ ਦਿੱਤਾ। ਡਰਾਈਵਰ ਨੇ reflective ਕੱਪੜੇ ਅਤੇ ਚਿਹਰਾ ਢੱਕਿਆ ਹੋਇਆ ਸੀ।

ਅਦਾਲਤ ਨੂੰ ਦੱਸਿਆ ਗਿਆ ਕਿ ਡਰਾਈਵਰ ਨੇ ਕਾਰਗੋ ਸਟਾਫ ਨੂੰ ਦਸਤਾਵੇਜ਼ ਦਿਖਾਏ ਅਤੇ ਇਸ ਤੋਂ ਬਾਅਦ ਇੱਕ ਕਰਮਚਾਰੀ ਨੇ forklift ਦੀ ਮਦਦ ਨਾਲ ਖੇਪ ਟਰੱਕ ਵਿੱਚ ਲੋਡ ਕੀਤੀ। ਪੂਰੀ ਕਾਰਵਾਈ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਮੁਕੰਮਲ ਹੋ ਗਈ ਅਤੇ ਟਰੱਕ ਕਾਰਗੋ ਸੈਂਟਰ ਤੋਂ ਬਾਹਰ ਨਿਕਲ ਗਿਆ।

ਬਚਾਅ ਪੱਖ ਵੱਲੋਂ ਵੀ ਦਸਤਾਵੇਜ਼ ’ਤੇ ਸਵਾਲ

ਸਿੱਧੂ ਦੇ ਵਕੀਲਾਂ ਨੇ Crown ਦੀਆਂ ਦਲੀਲਾਂ ’ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਕੀ ਬਦਲੇ ਹੋਏ air waybill ’ਤੇ ਲਿਖੀ ਹੱਥ-ਲਿਖਤ ਦੀ forensic handwriting analysis ਕਰਵਾਈ ਗਈ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਵਿਸ਼ਲੇਸ਼ਣ ਨਹੀਂ ਕੀਤਾ ਗਿਆ।

ਹਾਲਾਂਕਿ Crown ਵੱਲੋਂ ਮੁੜ ਪੁੱਛਗਿੱਛ ਦੌਰਾਨ ਅਧਿਕਾਰੀ ਨੇ ਸਪਸ਼ਟ ਕੀਤਾ ਕਿ handwriting analysis ਬਾਰੇ ਵਿਚਾਰ ਕੀਤਾ ਗਿਆ ਸੀ ਪਰ ਦਸਤਾਵੇਜ਼ ’ਤੇ ਮੌਜੂਦ ਲਿਖਤ ਅਤੇ ਤੁਲਨਾ ਲਈ ਉਪਲਬਧ ਨਮੂਨਾ ਕਾਫ਼ੀ ਨਾ ਹੋਣ ਕਾਰਨ ਇਹ ਟੈਸਟ ਅੱਗੇ ਨਹੀਂ ਵਧਾਇਆ ਗਿਆ।

ਬਚਾਅ ਪੱਖ ਨੇ ਇਹ ਵੀ ਸਵਾਲ ਉਠਾਇਆ ਕਿ ਕੀ ਹੋਰ ਕਰਮਚਾਰੀਆਂ ਕੋਲ ਸਿੱਧੂ ਦੇ ਕੰਪਿਊਟਰ ਜਾਂ ਪ੍ਰੋਫਾਈਲ ਤੱਕ ਪਹੁੰਚ ਸੀ ਅਤੇ ਕੀ ਕਿਸੇ ਗਵਾਹ ਨੇ ਸਿੱਧੂ ਨੂੰ ਉਸ ਸਮੇਂ ਕਾਰਗੋ ਟਰਮੀਨਲ ’ਤੇ ਦੇਖਿਆ ਸੀ। ਅਦਾਲਤੀ ਕਾਰਵਾਈ ਵਿੱਚ ਇਨ੍ਹਾਂ ਪਹਿਲੂਆਂ ’ਤੇ ਵੀ ਚਰਚਾ ਹੋਈ।

ਇੱਕ ਹੋਰ Air Canada ਕਰਮਚਾਰੀ ਵੀ ਜਾਂਚ ਦੇ ਕੇਂਦਰ ਵਿੱਚ

Crown ਨੇ ਦਾਅਵਾ ਕੀਤਾ ਹੈ ਕਿ ਸਿੱਧੂ ਨੇ ਇੱਕ ਹੋਰ ਸਾਬਕਾ Air Canada ਕਰਮਚਾਰੀ Simran Panesar ਨਾਲ ਮਿਲ ਕੇ ਚੋਰੀ ਨੂੰ ਅੰਜਾਮ ਦੇਣ ਵਿੱਚ ਸਹਾਇਤਾ ਕੀਤੀ। ਅਦਾਲਤ ਨੂੰ ਦੱਸਿਆ ਗਿਆ ਕਿ Panesar ਨੇ ਚੋਰੀ ਤੋਂ ਕੁਝ ਮਹੀਨੇ ਬਾਅਦ Air Canada ਤੋਂ ਅਸਤੀਫ਼ਾ ਦੇ ਦਿੱਤਾ ਸੀ।

ਜਾਂਚ ਅਧਿਕਾਰੀਆਂ ਨਾਲ ਪੁੱਛਗਿੱਛ ਤੋਂ ਅਗਲੇ ਦਿਨ ਉਹ ਆਪਣੇ ਪਰਿਵਾਰ ਸਮੇਤ ਕੈਨੇਡਾ ਤੋਂ ਬਾਹਰ ਚਲਾ ਗਿਆ ਅਤੇ ਵਾਪਸ ਨਹੀਂ ਆਇਆ। ਉਸ ਦੇ ਖ਼ਿਲਾਫ਼ Canada-wide warrant ਜਾਰੀ ਹੋਣ ਦੀ ਜਾਣਕਾਰੀ ਵੀ ਅਦਾਲਤ ਵਿੱਚ ਸਾਹਮਣੇ ਆਈ।

ਇੱਕ ਦੋਸ਼ੀ ਨੇ ਕਬੂਲਿਆ ਜੁਰਮ, 22 ਮਿਲੀਅਨ ਡਾਲਰ ਵਾਪਸੀ ਦਾ ਹੁਕਮ

ਇਸ ਕੇਸ ਵਿੱਚ Arsalan Chaudhary ਪਹਿਲਾਂ ਹੀ ਆਪਣੀ ਭੂਮਿਕਾ ਕਬੂਲ ਕਰ ਚੁੱਕਾ ਹੈ। ਉਸ ਨੂੰ ਇਸ ਸਾਲ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਲਗਭਗ 22 ਮਿਲੀਅਨ ਡਾਲਰ ਦੀ restitution 40 ਸਾਲਾਂ ਵਿੱਚ ਵਾਪਸ ਕਰਨ ਦਾ ਹੁਕਮ ਦਿੱਤਾ ਗਿਆ।

Chaudhary ਨੂੰ ਸਾਲ ਦੇ ਸ਼ੁਰੂ ਵਿੱਚ ਦੁਬਈ ਤੋਂ ਵਾਪਸ ਕੈਨੇਡਾ ਆਉਂਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਹੁਣ ਸਿੱਧੂ ਦੇ ਮੁਕੱਦਮੇ ਵਿੱਚ Crown ਲਈ ਗਵਾਹੀ ਦੇਣ ਵਾਲੇ ਮਹੱਤਵਪੂਰਨ ਗਵਾਹਾਂ ਵਿੱਚੋਂ ਇੱਕ ਹੋ ਸਕਦਾ ਹੈ।

ਕੁਝ ਹੋਰ ਮੁਲਜ਼ਮਾਂ ਖ਼ਿਲਾਫ਼ ਦੋਸ਼ ਵਾਪਸ

ਇਸੇ ਮਾਮਲੇ ਵਿੱਚ ਪਿਛਲੇ ਮਹੀਨੇ Crown ਨੇ jeweller Ali Raza ਅਤੇ Amit Jalota ਖ਼ਿਲਾਫ਼ ਲੱਗੇ ਦੋਸ਼ ਵਾਪਸ ਲੈ ਲਏ ਸਨ। Ali Raza ਦੇ ਮਾਮਲੇ ਵਿੱਚ Crown ਨੇ ਕਿਹਾ ਸੀ ਕਿ ਦੋਸ਼ ਸਾਬਤ ਹੋਣ ਦੀ reasonable prospect ਨਹੀਂ ਰਹੀ। Jalota ਨੇ ਵੀ ਪੂਰੇ ਮਾਮਲੇ ਦੌਰਾਨ ਆਪਣੀ ਬੇਗੁਨਾਹੀ ਕਾਇਮ ਰੱਖੀ ਸੀ।

ਇਸ ਲਈ ਮੌਜੂਦਾ ਸੁਣਵਾਈ ਵਿੱਚ ਹਰ ਮੁਲਜ਼ਮ ਦੀ ਕਾਨੂੰਨੀ ਸਥਿਤੀ ਨੂੰ ਵੱਖਰੇ ਤੌਰ ’ਤੇ ਦੇਖਿਆ ਜਾ ਰਿਹਾ ਹੈ ਅਤੇ ਕਿਸੇ ਵਿਅਕਤੀ ’ਤੇ ਲੱਗੇ ਦੋਸ਼ ਨੂੰ ਅਦਾਲਤੀ ਫੈਸਲੇ ਤੋਂ ਪਹਿਲਾਂ ਸਾਬਤ ਹੋਇਆ ਤੱਥ ਨਹੀਂ ਮੰਨਿਆ ਜਾ ਸਕਦਾ।

ਅਗਲੀ ਸੁਣਵਾਈਆਂ ’ਤੇ ਰਹੇਗੀ ਨਜ਼ਰ

ਪਰਮਪਾਲ ਸਿੱਧੂ ਦਾ ਮੁਕੱਦਮਾ ਜੱਜ ਦੇ ਸਾਹਮਣੇ ਚੱਲ ਰਿਹਾ ਹੈ ਅਤੇ ਇਸ ਦੀ ਸੁਣਵਾਈ ਕਈ ਹਫ਼ਤੇ ਜਾਰੀ ਰਹਿਣ ਦੀ ਉਮੀਦ ਹੈ। ਇੱਕ ਹੋਰ ਮੁਲਜ਼ਮ Archit Grover ਦਾ ਮਾਮਲਾ ਵੱਖ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਸੁਣਵਾਈ ਬਾਅਦ ਵਿੱਚ ਹੋਣੀ ਹੈ।

17 ਅਪ੍ਰੈਲ 2023 ਨੂੰ ਹੋਈ ਇਹ ਚੋਰੀ ਅੱਜ ਵੀ ਕੈਨੇਡਾ ਦੇ ਸਭ ਤੋਂ ਵੱਡੇ gold heist ਮਾਮਲਿਆਂ ਵਿੱਚ ਗਿਣੀ ਜਾ ਰਹੀ ਹੈ। ਜਾਂਚ ਏਜੰਸੀਆਂ ਦੇ ਅਨੁਸਾਰ 400 ਕਿਲੋਗ੍ਰਾਮ ਤੋਂ ਵੱਧ ਸੋਨਾ ਅਤੇ ਵਿਦੇਸ਼ੀ ਕਰੰਸੀ ਇੱਕ ਜਾਅਲੀ air waybill ਦੀ ਮਦਦ ਨਾਲ ਕਾਰਗੋ ਸਹੂਲਤ ਤੋਂ ਬਾਹਰ ਲਿਜਾਈ ਗਈ ਸੀ। ਹੁਣ ਅਦਾਲਤ ਵਿੱਚ ਪੇਸ਼ ਹੋਣ ਵਾਲੇ ਦਸਤਾਵੇਜ਼ਾਂ, CCTV ਫੁਟੇਜ, ਗਵਾਹੀਆਂ ਅਤੇ ਹੋਰ ਸਬੂਤਾਂ ਰਾਹੀਂ ਇਹ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪਰਮਪਾਲ ਸਿੱਧੂ ਦੀ ਇਸ ਪੂਰੇ ਮਾਮਲੇ ਵਿੱਚ ਕੀ ਭੂਮਿਕਾ ਸੀ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER