‘ਬੂਸਟ ਐਂਡ ਬਸਟ’ ਮੁਹਿੰਮ ਤਹਿਤ 3,200 ਡਾਲਰ ਦਾ ਚੋਰੀਸ਼ੁਦਾ ਸਾਮਾਨ ਬਰਾਮਦ, 8 ਵਿਅਕਤੀਆਂ ਖ਼ਿਲਾਫ਼ ਦੋਸ਼ਾਂ ਦੀ ਸਿਫ਼ਾਰਸ਼
ਰਿਚਮੰਡ, ਬ੍ਰਿਟਿਸ਼ ਕੋਲੰਬੀਆ (ਨਿਊਜ਼ ਡੈਸਕ): ਰਿਚਮੰਡ ਆਰਸੀਐੱਮਪੀ ਨੇ ਦੁਕਾਨਾਂ ਵਿੱਚੋਂ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਚਲਾਈ ਜਾ ਰਹੀ ‘ਬੂਸਟ ਐਂਡ ਬਸਟ’ ਮੁਹਿੰਮ ਤਹਿਤ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਕਾਰਵਾਈ ਦੌਰਾਨ ਕਰੀਬ 3,200 ਕੈਨੇਡੀਅਨ ਡਾਲਰ ਦਾ ਚੋਰੀਸ਼ੁਦਾ ਸਾਮਾਨ ਵੀ ਬਰਾਮਦ ਕੀਤਾ ਹੈ।
ਪੁਲਿਸ ਅਨੁਸਾਰ 6 ਨਵੰਬਰ 2026 ਨੂੰ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਵਿੱਚ ਫਰੰਟਲਾਈਨ ਪੁਲਿਸ ਅਧਿਕਾਰੀਆਂ, ਜਾਂਚ ਸਹਾਇਤਾ ਯੂਨਿਟਾਂ, ਸਥਾਨਕ ਕਾਰੋਬਾਰੀਆਂ ਅਤੇ ਰਿਟੇਲ ਸਟੋਰਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਸਾਂਝੇ ਤੌਰ ’ਤੇ ਹਿੱਸਾ ਲਿਆ। ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤੇ 11 ਵਿਅਕਤੀਆਂ ਵਿੱਚੋਂ 8 ਖ਼?ਲਾਫ਼ ਅਪਰਾਧਿਕ ਦੋਸ਼ ਲਗਾਉਣ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਇੱਕ ਬਾਲਗ ਵਿਅਕਤੀ ਖ਼?ਲਾਫ਼ ਰਿਹਾਈ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਣ ਦੀ ਸਿਫ਼ਾਰਸ਼ ਕੀਤੀ ਜਾਵੇਗੀ, ਜਦਕਿ ਇੱਕ ਹੋਰ ਵਿਅਕਤੀ ਖ਼?ਲਾਫ਼ ਪਹਿਲਾਂ ਹੀ ਗ੍ਰਿਫ਼ਤਾਰੀ ਵਾਰੰਟ ਜਾਰੀ ਸੀ। ਬਰਾਮਦ ਕੀਤੇ ਸਾਮਾਨ ਵਿੱਚ ਸਭ ਤੋਂ ਵੱਧ ਕੱਪੜੇ ਸ਼ਾਮਲ ਸਨ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਸਾਰੇ ਵਿਅਕਤੀਆਂ ਨੂੰ ਸਮਾਜਿਕ ਸੇਵਾਵਾਂ ਨਾਲ ਜੋੜਨ ਲਈ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ।
ਰਿਚਮੰਡ ਆਰਸੀਐੱਮਪੀ ਦੇ ਆਪਰੇਸ਼ਨ ਅਧਿਕਾਰੀ ਇੰਸਪੈਕਟਰ ਵਾਜ਼ ਕੱਸਮ ਨੇ ਕਿਹਾ ਕਿ ਰਿਟੇਲ ਚੋਰੀਆਂ ਦਾ ਕਾਰੋਬਾਰੀਆਂ, ਕਰਮਚਾਰੀਆਂ ਅਤੇ ਖ਼ਰੀਦਦਾਰਾਂ ’ਤੇ ਗੰਭੀਰ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਂਝੀਆਂ ਮੁਹਿੰਮਾਂ ਨਾਲ ਚੋਰੀ ਕਰਨ ਵਾਲਿਆਂ ਦੀ ਪਛਾਣ ਕਰਨ, ਚੋਰੀਸ਼ੁਦਾ ਸਾਮਾਨ ਬਰਾਮਦ ਕਰਨ ਅਤੇ ਬਾਜ਼ਾਰਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦ ਮਿਲਦੀ ਹੈ। ਜ਼ਿਕਰਯੋਗ ਹੈ ਕਿ ਸਾਲ 2026 ਦੌਰਾਨ ਰਿਚਮੰਡ ਵਿੱਚ ਇਹ ਛੇਵੀਂ ‘ਬੂਸਟ ਐਂਡ ਬਸਟ’ ਮੁਹਿੰਮ ਸੀ, ਜਿਸ ਨੂੰ ਕਮਿਊਨਿਟੀ ਸੇਫਟੀ ਐਂਡ ਟਾਰਗੇਟਿਡ ਐਨਫੋਰਸਮੈਂਟ ਪ੍ਰੋਗਰਾਮ ਤਹਿਤ ਵਿੱਤੀ ਸਹਾਇਤਾ ਦਿੱਤੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਦੁਕਾਨ ਵਿੱਚ ਚੋਰੀ ਹੁੰਦੀ ਦੇਖਣ ਜਾਂ ਰਿਟੇਲ ਚੋਰੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ।




