·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

23 ਜੁਲਾਈ ਦੇ ਇਤਿਹਾਸਕ ਦਿਹਾੜੇ ’ਤੇ ਵਿਸ਼ੇਸ਼

ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਦਾ ਚੜ੍ਹਦੀ ਕਲਾ ਦਾ ਸਫ਼ਰ ਜਾਰੀ ਹੈ!

ਇਸ ਵੇਲੇ ਹਰ ਪਾਸੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੀ ਚਰਚਾ ਹੋ ਰਹੀ ਹੈ।ਸਰਕਾਰੀ ਅੱਤਵਾਦ ਖਿਲਾਫ਼ ਕੀਤੇ ਸੰਘਰਸ਼ ਅਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਲੋਂ ਮਾਰ-ਮੁਕਾ ਕੇ ਲਾਵਾਰਿਸ ਲਾਸ਼ਾਂ ਕਰਾਰ ਦਿੱਤੇ ਜਾਣ ਦੇ ਜਬਰ-ਜ਼ੁਲਮ ਵਿਰੁੱਧ, ਭਾਈ ਖਾਲੜਾ ਵਲੋਂ ਨਿਭਾਈ ਭੂਮਿਕਾ ਇਤਿਹਾਸ ਦਾ ਸੁਨਹਿਰੀ ਪੰਨਾ ਹੈ। ਧੱਕੇਸ਼ਾਹੀ ਖਿਲਾਫ਼ ਭਾਈ ਖਾਲੜਾ ਨੂੰ ਜੂਝਣ ਦੀ ਪ੍ਰੇਰਣਾ ਜਿੱਥੇ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਮਿਲੀ, ਉੱਥੇ ਇਸ ਦੀ ਗੁੜਤੀ ਉਹਨਾਂ ਨੂੰ ਪਰਿਵਾਰਿਕ ਵਿਰਸੇ ’ਚੋਂ ਵੀ ਹਾਸਿਲ ਹੋਈ। ਦਰਅਸਲ ਭਾਈ ਖਾਲੜਾ ਦੇ ਦਾਦਾ ਜੀ, ਭਾਈ ਹਰਨਾਮ ਸਿੰਘ ਖਾਲੜਾ ਆਪਣੇ ਸਮੇਂ ਬ੍ਰਿਟਿਸ਼ ਬਸਤੀਵਾਦ ਖਿਲਾਫ਼ ਲੜੇ। ਉਹ ਕੈਨੇਡਾ ਦੀ ਧਰਤੀ ਤੋਂ ਨਸਲੀ ਵਿਤਕਰੇ ਅਧੀਨ ਮੋੜੇ ਗਏ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਅਗਵਾਈ ਵਾਸਤੇ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਿਲ ਸਨ। ਸ਼ਹੀਦ ਖਾਲੜਾ ਦੀ ਸਪੁੱਤਰੀ ਨਵਕਿਰਨ ਕੌਰ ਦੇ ਸ਼ਬਦ ਹਨ ਕਿ ਵੈਨਕੂਵਰ ਦੀ ਧਰਤੀ ਤੇ ਸਾਡੇ ਬਾਬੇ 112 ਵਰ੍ਹੇ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਗੁਰੂ ਨਾਨਕ ਜਹਾਜ਼ ਦੇ ਵਿੱਚ ਲੈ ਕੇ ਆਏ ਸਨ। ਸਮੇਂ ਦੀ ਸਰਕਾਰ ਨੇ ਜਹਾਜ਼ ਵਿੱਚ ਸਵਾਰ ਯਾਤਰੂਆਂ ਨੂੰ ਕੈਨੇਡਾ ਵਿੱਚ ਉਤਰਨ ਨਹੀਂ ਸੀ ਦਿੱਤਾ, ਪਰ ਉਹ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਨਹੀਂ ਰੋਕ ਸਕੇ। ਗੁਰੂ ਨਾਨਕ ਜਹਾਜ਼ ਵਿਚ ਆਏ ਸਾਡੇ ਬਾਬੇ ਵਿਦੇਸ਼ਾਂ ਵਿੱਚ ਵੱਸ ਰਹੇ ਸਿੱਖ ਪੰਥ ਨੂੰ 112 ਸਾਲਾਂ ਤੋਂ ਸਰਕਾਰੀ ਤੇ ਨਸਲੀ ਧੱਕਿਆਂ ਵਿਰੋਧ ਹਲੂਣਦੇ ਰਹੇ ਹਨ। ਰਹਿੰਦੀ ਦੁਨੀਆ ਤੱਕ, ਇਹ ਸਾਨੂੰ ਹਾਕਮ ਅੱਗੇ ਨਾ ਝੁਕਣ ਅਤੇ ਜ਼ੁਲਮ ਖਿਲਾਫ ਬਾਗ਼ੀ ਬਿਰਤੀ ਰੱਖਣ ਲਈ ਰਾਹ ਵਖਾਓੰਦੇ ਰਹਿਣਗੇ। ਇਸ ਜਹਾਜ਼ ਵਿੱਚ ਇਕ ਯਾਤਰੀ, ਮੇਰੇ ਪੜਦਾਦਾ ਜੀ ਸਰਦਾਰ ਹਰਨਾਮ ਸਿੰਘ ਖਾਲੜਾ ਸਨ। ਉਹ ਯਾਤਰੀਆਂ ਦੀ 5 ਮੇਂਬਰ ਕਮੇਟੀ ਦੇ ਮੇਂਬਰ ਸਨ ਅਤੇ ਹਾਂਗਕਾਂਗ, ਸ਼ੰਘਈ ਤੋਂ ਗ਼ਦਰ ਲਹਿਰ ਦੇ ਸਰਗਰਮ ਕਾਰਕੁੰਨ ਵੀ ਸਨ। ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੰਗਰਸ਼ ਵੱਲ ਖਿੱਚ ਦਾ ਸਭ ਤੋਂ ਵੱਡਾ ਯੋਗਦਾਨ, ਉਨ੍ਹਾਂ ਦੇ ਆਪਣੇ ਦਾਦਾ ਜੀ ਦਾ, ਗੁਰੂ ਨਾਨਕ ਜਹਾਜ਼ ਵਿਚ ਅਤੇ ਫਿਰ ਗ਼ਦਰ ਸੰਗਰਸ਼ ਵਿੱਚ ਨਿਭਾਇਆ ਰੋਲ ਸੀ।ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਆਪਣੇ ਬਾਬੇ ਤੋਂ ਪ੍ਰਭਾਵਤ ਹੋ ਕੇ, 82-83 ਸਾਲਾਂ ਬਾਦ ਗੁਰੂ ਨਾਨਕ ਸਾਹਿਬ ਦੇ ਫਲਸਫੇ ’ਤੇ ਖੜ੍ਹ ਕੇ ਕੁਰਬਾਨੀ ਦਿੱਤੀ।ਇਹ ਸ਼ਾਇਦ ਬਾਬੇ ਹਰਨਾਮ ਸਿੰਘ ਵਲੋਂ ਵੈਨਕੂਵਰ ਦੀ ਬੰਦਰਗਾਹ ਤੇ ਘੇਰੇ ਹੋਏ ਗੁਰੂ ਨਾਨਕ ਜਹਾਜ਼ ਵਿੱਚੋਂ ਕੀਤੇ ਵਾਰਨਿੰਗ ਸ਼ੋਟਸ (ਗੋਲੀਆਂ) ਦੀ ਗੂੰਜ ਹੀ ਸੀ, ਜੋ 83 ਸਾਲ ਬਾਦ, ਉਨ੍ਹਾਂ ਦੇ ਪੋਤੇ ਨੂੰ ਉਸੇ ਦੇਸ਼ ਦੀ ਪਾਰਲੀਮੈਂਟ ਵਿਚ ਲੈ ਆਈ ਅਤੇ ਉਹ ਆਪਣੀ ਇਕ ਅਹਿਮ ਰਿਪੋਰਟ ਨਾਲ ਫਿਰ ਦੁਨੀਆ ਨੂੰ “ਵਾਰਨਿੰਗ ਸ਼ੋਟਸ” ਸੁਣਾ ਕੇ ਹਲੂਣਾ ਦੇ ਗਿਆ।ਇਤਿਹਾਸ ਦਾ ਕਿਹੜਾ ਵਾਕਿਆ, ਕਿਹੜੇ ਵੇਲੇ ਕਿਸ ਸਿੱਖ ਨੂੰ ਪ੍ਰੇਰਿਤ ਕਰ ਕੇ ਮੁੜ ਇਤਿਹਾਸ ਰੱਚ ਦੇਵੇਗਾ, ਇਸ ਦਾ ਭੇਦ ਸ਼ਾਇਦ ਗੁਰੂ ਨਾਨਕ ਸਾਹਿਬ ਦੇ ਨਾਮ ਰੂਪੀ ਜਹਾਜ਼ ’ਤੇ ਚੜ੍ਹਨ ਵਾਲੇ ਹੀ ਸਮਝ ਸਕਣਗੇ। ਸਾਡੇ ਵਰਗੇ ਆਮ ਲੋਕ ਜੇ ਹੋਰ ਕੁਝ ਨਹੀਂ ਕਰ ਸਕਦੇ, ਤਾਂ ਸਿੱਖ ਇਤਿਹਾਸ ਵਿਚ ਵਾਪਰੀਆਂ ਇਨ੍ਹਾਂ ਵੱਡੀਆਂ ਅਤੇ ਅਹਿਮ ਘਟਨਾਵਾਂ ਨੂੰ ’ਸਹੀ ਰੂਪ ਵਿਚ ਯਾਦ’ ਕਰਕੇ ਅਤੇ ਬੱਚਿਆਂ ਨੂੰ, ਸਾਡੇ ਅਮੀਰ ਵਿਰਸੇ ਬਾਰੇ ਦੱਸ ਕੇ, ਇਹ ਅਰਦਾਸ ਤਾਂ ਕਰ ਸਕਦੇ ਹਨ ਕਿ ਅੱਜ ਵੀ ਦੁਨੀਆ ਵਿੱਚ ਵੱਧ ਰਹੀ ਅਧਿਆਤਮਕ ਕੰਗਾਲੀ ਅਤੇ ਜ਼ੁਲਮ ਖਿਲਾਫ ਲੜ੍ਹਨ ਲਈ, ਸਿਖਾਂ ਵਿੱਚੋਂ ਗੁਰੂ ਨਾਨਕ ਜਹਾਜ਼ ਦੇ ਸਵਾਰ ਤਿਆਰ ਹੁੰਦੇ ਰਹਿਣ, ਜੋ ਭਾਵੇਂ ਬੰਦਰਗਾਹ ਤੋਂ ਹੀ ਮੋੜ ਦਿੱਤੇ ਜਾਣ, ਪਰ ਗੁਰੂ ਨਾਨਕ ਦੇ ਮਿਸ਼ਨ ਨੂੰ ਹਰ ਥਾਂ ਫੈਲਾ ਦੇਣ।
ਉਪਰੋਕਤ ਬਿਆਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ 23 ਜੁਲਾਈ 1914 ਨੂੰ ਕੈਨੇਡਾ ਦੀ ਧਰਤੀ ਤੋਂ ਨਸਲੀ ਧੱਕੇਸ਼ਾਹੀ ਰਾਹੀਂ ਮੋੜੇ ਗਏ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਚੜ੍ਹਦੀ ਕਲਾ ਦਾ ਸਫ਼ਰ ਜਾਰੀ ਹੈ।ਇਤਿਹਾਸ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਨੂੰ ’ਸਹੀ ਰੂਪ ਵਿਚ’ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਇਤਿਹਾਸ ਦੀ ਇਸ ਵੱਡੀ ਅਤੇ ਅਹਿਮ ਘਟਨਾਵਾਂ ਦਾ ਬਿਰਤਾਂਤ ’ਗੁਰੂ ਨਾਨਕ ਜਹਾਜ਼’ ਦੇ ਰੂਪ ਵਿਚ ਚੇਤੇ ਕੀਤਾ ਜਾਣਾ ਹੀ ਸਹੀ ਹੈ। ਅਸਲੀ ਵਾਰਿਸ ਇਹ ਹੁੰਦੇ ਹਨ, ਜਿਹੜੇ ਪੁਰਖਿਆਂ ਦੇ ਸਹੀ ਪ੍ਰਸੰਗਾਂ ਨੂੰ ਨਹੀਂ ਭੁਲਾਉਂਦੇ ਅਤੇ ਸਮਾਂ ਆਉਣ ’ਤੇ ਉਹਨਾਂ ਦੇ ਕਦਮਾਂ ’ਤੇ ਚੱਲ ਕੇ ਸੱਚੇ ਵਾਰਿਸ ਹੋਣ ਦਾ ਦਾਅਵਾ ਸਾਬਿਤ ਕਰਦੇ ਹਨ। ਕੈਨੇਡਾ ਵਿੱਚ ਗੁਰੂ ਨਾਨਕ ਜਹਾਜ਼ ਦੇ ਵਾਰਿਸ ਪਰਿਵਾਰਾਂ ਦੀ ਅਗਵਾਈ ਕਰਨ ਵਾਲੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੇ ਵੰਸ਼ਜ਼ ਭਾਈ ਤੇਜਪਾਲ ਸਿੰਘ ਸੰਧੂ ਅਤੇ ਬਾਬਾ ਪੂਰਨ ਸਿੰਘ ਜਨੇਤਪੁਰ ਦੇ ਵੰਸ਼ਜ਼ ਭਾਈ ਰਾਜ ਸਿੰਘ ਤੂਰ ਸਮੇਤ ਅਨੇਕਾਂ ਹੋਰ ਵਾਰਿਸ ਪਰਿਵਾਰਾਂ ਤੋਂ ਇਲਾਵਾ, ਸਮੁੱਚੀ ਕੌਮ? ਹੀ ਵਡੇਰਿਆਂ ਦੇ ਵਿਰਸੇ ਦੀ ਵਾਰਿਸ ਹੈ, ਬਸ਼ਰਤੇ ਉਹ ਸਹੀ ਬਿਰਤਾਂਤ ਨੂੰ ਜਾਣਨ ਵੀ ਅਤੇ ਇਸ ’ਤੇ ਪਹਿਰਾ ਵੀ ਦੇਣ। ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਚੜ੍ਹਦੀ ਕਲਾ ਦਾ ਸਫ਼ਰ ਇਸ ਪ੍ਰਸੰਗ ’ਚ ਵੱਖ-ਵੱਖ ਪਹਿਲੂ ਉਜਾਗਰ ਕਰਦਾ ਹੈ। ਇਸ ਪੱਖੋਂ ਦਸਤਾਵੇਜ਼ੀ, ਇਤਿਹਾਸਕ ਤੇ ਵਿਰਾਸਤੀ ਜਾਣਕਾਰੀ ਕੌਮੀ ਪਛਾਣ ਦੇ ਰੂਪ ’ਚ ਸਾਂਝੇ ਕਰ ਰਹੇ ਹਾਂ। ਕੈਨੇਡਾ ਦੀ ਫੈਡਰਲ ਮੁਆਫ਼ੀ ’ਚ ਕਾਮਾਗਾਟਾਮਾਰੂ ਦੀ ਥਾਂ, ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਨਾਂ ਬਹਾਲ ਕਰਾਉਣ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ, ਇਹ ਗੱਲ ਵੀ ਇੱਥੋਂ ਸਪੱਸ਼ਟ ਹੋ ਜਾਏਗੀ।
’ਗੁਰੂ ਨਾਨਕ ਜਹਾਜ਼’ ਸਫ਼ਰ ਦੀ ਪਛਾਣ ਹੈ,
ਜਦੋਂ ਕਿ ਕਾਮਾਗਾਟਾਮਾਰੂ ਕਿਰਾਏ ਵਾਲੇ ਬੇੜੇ ਦਾ ਨਾਂ ਹੈ
ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ’ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਬਣਾਈ। ਉਹਨਾਂ ਸਮੁੰਦਰੀ ਜਹਾਜ਼ ਕਿਰਾਏ ’ਤੇ ਲੈਣ ਲਈ ਕਈ ਬੇੜੇ ਦੇਖੇ ਤੇ ਆਖਿਰ ਨੂੰ ਜਪਾਨੀ ਕੰਪਨੀ ’ਕਾਮਾਗਾਟਾਮਾਰੂ ਸਟੀਮਸ਼ਿਪ ਕੰਪਨੀ’ ਦੇ ਬੇੜੇ ਦੀ ਚੋਣ ਕੀਤੀ। ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਰਵਾਨਾ ਹੋਣ ਤੋਂ ਪਹਿਲਾਂ ਉਹਨਾਂ ਕਿਰਾਏ ’ਤੇ ਲਏ ਬੇੜੇ ਅਤੇ ਸਫਰ ਦਾ ਨਾਂ, ਅਰਦਾਸ ਤੇ ਹੁਕਮਨਾਮਾ ਲੈ ਕੇ ’ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸਫਰ’ ਰੱਖਿਆ। ਬੇੜੇ ’ਚ ਸਵਾਰ ਯਾਤਰੂਆਂ ਨੇ ਖ਼ੁਦ ਨੂੰ ’ਗੁਰੂ ਨਾਨਕ ਜਹਾਜ਼’ ਦੇ ਮੁਸਾਫ਼?ਰ ਐਲਾਨ ਕੀਤਾ। ਬਾਬਾ ਜੀ ਦੀ 1921 ’ਚ ਲਿਖੀ ਕਿਤਾਬ ’ਗੁਰੂ ਨਾਨਕ ਜਹਾਜ਼’ ਇਹ ਸੱਚਾਈ ਬਿਆਨ ਕਰਦੀ ਹੈ। ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੱਚਾ-ਸੁੱਚਾ ਇਤਿਹਾਸ ਲਿਖਣ ਦਾ ਫੈਸਲਾ ਬਾਬਾ ਜੀ ਵਲੋਂ ਰੂਪੋਸ਼ੀ ਦੇ ਜੀਵਨ ਦੌਰਾਨ ਕੀਤਾ ਗਿਆ। ਬਾਬਾ ਗੁਰਦਿੱਤ ਸਿੰਘ ਨੇ ਇਸ ਸਬੰਧ ਵਿੱਚ ’ਗੁਰੂ ਨਾਨਕ ਜਹਾਜ਼’ ਕਿਤਾਬ ਵਿਚ, ਹਰ ਥਾਂ ’ਤੇ ਜਹਾਜ਼ ਦਾ ਨਾਂ ’ਗੁਰੂ ਨਾਨਕ ਜਹਾਜ਼ ਹੀ ਲਿਖਿਆ ਹੈ। ਸਥਿਤੀ ਨੂੰ ਸਪਸ਼ਟ ਕਰਨ ਲਈ ਲੋੜ ਵੇਲੇ, ’ਕਾਮਾਗਾਟਾਮਾਰੂ’ ਸ਼ਬਦ ਜੇਕਰ ਲਿਖਣਾ ਵੀ ਪਿਆ ਤਾਂ, ਗੁਰੂ ਨਾਨਕ ਜਹਾਜ਼ ਦੇ ਮਗਰੋਂ ਲਿਖਿਆ ਹੈ। ਇਹ ਕਿਤਾਬ ਸਮਕਾਲੀ ਬ੍ਰਿਟਿਸ਼ ਪੰਜਾਬ ਸਰਕਾਰ ਵੱਲੋਂ ਜ਼ਬਤ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਕਿਤਾਬ ਦੇ ਪਹਿਲੇ ਭਾਗ ’ਗੁਰੂ ਨਾਨਕ ਜਹਾਜ਼’ ਅਤੇ ਦੂਜੇ ਭਾਗ ’ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦੁੱਖ ਭਰੀ ਕਹਾਣੀ’ ’ਤੇ ਸਮਕਾਲੀ ਪੰਜਾਬ ਸਰਕਾਰ ਨੇ ਪਾਬੰਦੀ ਲਗਾ ਦਿੱਤੀ। ਲੰਮਾ ਸਮਾਂ ਮਗਰੋਂ ਜਾ ਕੇ ਇਹ ਕਿਤਾਬ ਪਾਠਕਾਂ ਤੱਕ ਪਹੁੰਚਣ ਵਿੱਚ ਸੰਭਵ ਹੋ ਸਕੀ, ਜਿਸ ਦਾ ਉਪਰਾਲਾ ਇਸ ਕਿਤਾਬ ਦੇ ਸੰਪਾਦਕ ਡਾ ਗੁਰਦੇਵ ਸਿੰਘ ਸਿੱਧੂ ਵੱਲੋਂ ਅਣਥੱਕ ਮਿਹਨਤ ਰਾਹੀਂ ਕੀਤਾ ਗਿਆ ਹੈ।
ਇੱਕ ਹੋਰ ਪ੍ਰਮਾਣ ਅਨੁਸਾਰ, ਕੈਨੇਡਾ ਦੇ ਇਤਿਹਾਸਕਾਰ ਡਾ. ਹਿਊ ਜੌਹਨਸਟਨ, ਪ੍ਰੋਫੈਸਰ, ਇਤਿਹਾਸ ਵਿਭਾਗ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਬੀਸੀ ਕੈਨੇਡਾ ਨੇ 1989 ਵਿੱਚ, ਗੁਰੂ ਨਾਨਕ ਜਹਾਜ਼ ਦੀ 75ਵੀਂ ਵਰੇ-ਗੰਢ ’ਤੇ ਇਹ ਲਿਖਿਆ ਕਿ 1914 ਦੀ ਬਸੰਤ ਵਿੱਚ, ਸਿੰਗਾਪੁਰ ਦੇ ਇੱਕ ਅਮੀਰ ਸਿੱਖ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ, ਸਿੱਖਾਂ ਦੀ ਇੱਕ ਕਮੇਟੀ ਨੇ ਭਾਰਤੀ ਪ੍ਰਵਾਸੀਆਂ ਨੂੰ ਕੈਨੇਡਾ ਲਿਜਾਣ ਲਈ ਸਟੀਮਰ ਕਾਮਾਗਾਟਾ ਮਾਰੂ ਕਿਰਾਏ ’ਤੇ ਲਿਆ। ਉਨ੍ਹਾਂ ਵਿੱਚ ਉਦੇਸ਼ ਦੀ ਭਾਵਨਾ ਸੀ ਅਤੇ ਉਨ੍ਹਾਂ ਨੇ ਸਟੀਮਰ ਨੂੰ ਪਹਿਲੇ ਸਿੱਖ ਗੁਰੂ ਦੇ ਨਾਂ ’ਤੇ ਗੁਰੂ ਨਾਨਕ ਜਹਾਜ਼ ਕਿਹਾ।
“9n the spring of 1914, a committee of Sikhs, led by 2aba 7urdit Singh, a wealthy Sikh from Singapore chartered the steamer Komagata Maru to carry 9ndian immigrants to 3anada. “hey had a sense of mission, and they called the steamer 7uru Nanak Jaha੍ਰ, after the first Sikh 7uru.” 4r 8ugh Johnston Professor, 4ept. of 8istory, S6”, 3anada.
ਇਹਨਾਂ ਹਵਾਲਿਆਂ ਮਗਰੋਂ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਜਹਾਜ਼ ਸਿੱਖਾਂ ਵੱਲੋਂ ਕਿਰਾਏ ’ਤੇ ਲਿਆ ਗਿਆ ਸੀ ਤੇ ਆਗੂ ਭਾਈ ਗੁਰਦਿੱਤ ਸਿੰਘ ਸਨ। ਮੁਸਾਫ਼?ਰਾਂ ਨੇ ਵੱਡੇ ਉਦੇਸ਼ ਅਤੇ ਭਾਵਨਾ ਅਨੁਸਾਰ ਇਸ ਨੂੰ ’ਗੁਰੂ ਨਾਨਕ ਜਹਾਜ਼’ ਦਾ ਨਾਂ ਦਿੱਤਾ। ਇਸੇ ਕਾਰਨ ਸਹੀ ਬਿਰਤਾਂਤ ਅਨੁਸਾਰ ਮੁਆਫ਼ੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੇ ਨਾਂ ’ਤੇ ਸੋਧੀ ਜਾਣੀ ਹੀ ਠੀਕ ਹੈ, ਨਾ ਕਿ ਕਿਰਾਏ ’ਤੇ ਲਏ ਗਏ ਸਮੁੰਦਰੀ ਬੇੜੇ ਕਾਮਾਗਾਟਾ ਮਾਰੂ ਦੇ ਨਾਂ ’ਤੇ।
ਇਹ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਕੈਨੇਡਾ ’ਚ ਸਮੁੰਦਰੀ ਬੇੜਾ ਲਿਆਉਣ ਦਾ ਸੱਦਾ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਤੇ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਹੁਰਾਂ ਨੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੂੰ ਦਿੱਤਾ ਸੀ, ਤਾਂ ਕਿ ਨਸਲੀ ਧੱਕੇਸ਼ਾਹੀ ਨੂੰ ਚੁਣੌਤੀ ਦਿੱਤੀ ਜਾ ਸਕੇ। ਇਹ ਸਫ਼ਰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ’ਚ ਕੀਤਾ ਗਿਆ, ਜਿਸ ’ਚ ਪੰਜਾਬੀ ਸਾਂਝੇ ਰੂਪ ’ਚ ਸ਼ਾਮਿਲ ਹੋਏ। ਗੁਰੂ ਨਾਨਕ ਜਹਾਜ਼ ਵਿੱਚ ਚਾਹੇ ਵੱਡੀ ਗਿਣਤੀ ’ਚ 341 ਸਿੱਖ ਮੁਸਾਫਿਰ ਸਨ, ਪਰ 24 ਮੁਸਲਮਾਨ ਤੇ 12 ਹਿੰਦੂ ਵੀ ਸਵਾਰ ਸਨ। ਸਾਰੇ ਸਾਂਝੇ ਪੰਜਾਬ ਤੋਂ ਸਨ।ਜਪਾਨੀ ਕੰਪਨੀ ਤੋਂ ਤਾਂ ਜਹਾਜ਼ ਕੇਵਲ ਕਿਰਾਏ ’ਤੇ ਲਿਆ ਗਿਆ ਸੀ, ਜਿਸ ਵਿਚ ਅਮਲੇ ਦੇ ਮੈਂਬਰ ਹੀ ਜਪਾਨੀ ਸਨ, ਨਾ ਕਿ ਕੋਈ ਵੀ ਮੁਸਾਫ਼?ਰ ਜਪਾਨ ਦਾ ਸੀ। ਇਸ ਲਈ ਇਸ ’ਚ ਮੁਆਫ਼ੀ ਜਪਾਨੀ ਸ਼ਿਪ ਦੇ ਨਾਂ ’ਤੇ ਮੰਗਣਾ ਸਹੀ ਨਹੀਂ, ਇਹ ਸਾਂਝੇ ਪੰਜਾਬ ਦੇ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਤੋਂ ਮੰਗੀ ਜਾਣੀ ਹੀ ਸਹੀ ਮੁਆਫ਼ੀ ਹੋ ਸਕਦੀ ਹੈ।
ਸਮੁੰਦਰੀ ਬੇੜੇ ਦੇ ਅਨੇਕਾਂ ਨਾਂ, ਸਫ਼ਰ ਦਾ ਇਕੋ ਹੀ ਨਾਂ
ਇਹ ਤੱਥ ਹੈ ਕਿ ਸਮੁੰਦਰੀ ਬੇੜੇ (ਕਾਮਾਗਾਟਾਮਾਰੂ) ਦੇ ਨਾਂ ਉਸ ਦੀ ਮਾਲਕੀ ਮੁਤਾਬਿਕ ਬਦਲਦੇ ਰਹੇ ਹਨ। 13 ਅਗਸਤ 1890 ’ਚ ਇਹ ਬੇੜਾ ਤਿਆਰ ਕਰਨ ਵੇਲੇ ਇਸ ਦਾ ਨਾਂ ’ਚਾਰਲਸ ਕੋਨੇਕ’ ਰੱਖਿਆ ਗਿਆ। ਫਿਰ ਮਾਲਕੀ ਬਦਲਣ ’ਤੇ ਇਸ ਦਾ ਨਾਂ ’ਸਿਨਿਆਈ ਕਾਈਸਨ ਗੋਸ਼ੀ ਕੈਸੀਆ’ ਪੈ ਗਿਆ। 1894 ਵਿਚ ਜਰਮਨ ਸ਼ਟਿਊਬਨਹੁੱਕ ਤੇ ਐੱਸ. ਐੱਸ. ਸੀਸੀਲੀਆ ਵੱਲੋਂ ਖਰੀਦਣ ਮਗਰੋਂ, ਜਹਾਜ਼ ਇਹਨਾਂ ਨਾਵਾਂ ’ਤੇ ਜਾਣਿਆ ਜਾਣ ਲੱਗਾ। ਫਿਰ ਇਸ ਨੂੰ ਹੈਮਬਰਗ ਤੇ ਅਮਰੀਕਨ ਲਾਈਨ ਨੇ ਖਰੀਦ ਲਿਆ। 1913 ਵਿਚ ਜਪਾਨੀ ਕੰਪਨੀ ਕਾਮਾਗਾਟਾ ਮਾਰੂ ਸਟੀਮਸ਼ਿਪ ਕੰਪਨੀ ਨੇ ਖ਼ਰੀਦ ਕੇ ਆਪਣਾ ਨਾਂ ਦੇ ਦਿੱਤਾ। 1924 ਵਿੱਚ ਇਸ ਦੀ ਮਾਲਕੀ ਬਦਲੀ ਤੇ ਨਾਂ ’ਹੀਏਨ ਮਾਰੂ’ ਰੱਖ ਦਿੱਤਾ ਗਿਆ। ਇਹ ਬੇੜੇ ਦੇ ਮਾਲਕੀ ਅਨੁਸਾਰ ਵਾਰ-ਵਾਰ ਨਾਂ ਬਦਲੇ। ਜਦੋਂ ਮਾਰਚ 1914 ਤੋਂ ਸਤੰਬਰ 1914 ਤੱਕ ਦੇ ਸਮੇਂ ਲਈ ਇਹ ਜਹਾਜ਼ ਕਿਰਾਏ ’ਤੇ ’ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਦੇ ਮਾਲਕ ਬਾਬਾ ਗੁਰਦਿੱਤ ਸਿੰਘ ਵੱਲੋਂ 66 ਹਜ਼ਾਰ ਡਾਲਰ ਦੇ ਕੇ ਲਿਆ ਗਿਆ, ਤਾਂ ਇਸ ਦੇ ਸਫ਼ਰ ਨੂੰ “ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸਫ਼ਰ” ਨਾਂ ਦਿੱਤਾ ਗਿਆ। ਸਫ਼ਰ ਦਾ ਨਾਂ ਸਦਾ ਇਕੋ ਹੀ ਹੈ ਤੇ ਰਹੇਗਾ, ਜਦ ਕਿ ਬੇੜੇ ਦੇ ਨਾਂ ਬਦਲਦੇ ਰਹੇ ਹਨ। ਸੱਚ ਤਾਂ ਇਹ ਹੈ ਕਿ ਕਿਰਾਏ ਤੇ ਲਏ ਸਮੁੰਦਰੀ ਬੇੜੇ ਦੇ ਵੱਖ-ਵੱਖ ਸਮੇਂ ਰੱਖੇ ਗਏ ਵੱਖ-ਵੱਖ ਨਾਵਾਂ ਨਾਲ ਸਫ਼ਰ ਨਾਲ ਕੋਈ ਵਾਸਤਾ ਨਹੀਂ। ਸਫ਼ਰ ਦਾ ਇਕੋ ਹੀ ਨਾਂ ਹੈ ਅਤੇ ਕੈਨੇਡਾ ਦੀ ਫੈਡਰਲ ਮੁਆਫ਼ੀ ਦੀ ਸੋਧ, ਇਸ ਨਾਂ ’ਗੁਰੂ ਨਾਨਕ ਜਹਾਜ਼’ ’ਤੇ ਹੋਣੀ ਚਾਹੀਦੀ ਹੈ।
ਮੁਆਫ਼ੀ ਦਸਤਾਵੇਜ਼ੀ ਰਿਕਾਰਡ ਤੋਂ ਨਹੀਂ, ਮੁਸਾਫਿਰਾਂ ਦੇ ਸਫ਼ਰ ਤੋਂ ਮੰਗੀ ਜਾਂਦੀ ਹੈ
ਦਸਤਾਵੇਜ਼ੀ ਰਿਕਾਰਡ, ਆਰਕਾਈਵਜ਼, ਸਰਕਾਰੀ ਹਵਾਲੇ ਮੈਰੀ ਟਾਈਮ ਲਈ ਲੋੜੀਂਦੇ ਹਨ, ਨਾ ਕਿ ਨਸਲਵਾਦੀ ਵਿਤਕਰੇ ਦੀ ਮੁਆਫ਼ੀ ਇਹਨਾਂ ਤੋਂ ਮੰਗੀ ਜਾਵੇ। ਜਦੋਂ ਕੋਈ ਇਹ ਆਖਦਾ ਹੈ ਕਿ ਕਾਮਾਗਾਟਾਮਾਰੂ ਤੋਂ ਮੁਆਫ਼ੀ ਮੰਗੀ, ਤਾਂ ਬੌਧਿਕਤਾ ’ਤੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ। ਦਸਤਾਵੇਜ਼ੀ ਰਿਕਾਰਡ ਦਰਜ ਕਰਨ ਲਈ ਹੁੰਦੇ ਹਨ, ਜਦ ਕਿ ਗ਼ਲਤੀਆਂ ਸੋਧਣ ਵੇਲੇ ਰਿਕਾਰਡਾਂ ਦੇ ਨਾਂਵਾਂ ’ਤੇ ਮੁਆਫ਼ੀਆਂ ਨਹੀਂ ਮੰਗੀਆਂ ਜਾਂਦੀਆਂ। ਅਜਿਹਾ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਹੋਇਆ। ਵਾਹਨਾਂ ਦੇ ਨਾਂ ਨਾਲੋਂ, ਘਟਨਾਕ੍ਰਮ ਦਾ ਨਾਂ ਪ੍ਰਮੁੱਖ ਹੁੰਦਾ ਹੈ। ਪਰ ਇੱਥੇ ਸਹੀ ਬਿਰਤਾਂਤ ਨੂੰ ਛੱਡ ਕੇ, ਬੇੜੇ ਦਾ ਨਾਂ ਮੂਹਰੇ ਰੱਖ ਦਿੱਤਾ ਗਿਆ। ਫੈਡਰਲ ਮੁਆਫ਼ੀ ਦੀ ਸੋਧ ਇਸ ਲਈ ਜ਼ਰੂਰੀ ਹੈ, ਕਿਉਂਕਿ ਕਾਮਾਗਾਟਾਮਾਰੂ ਦਸਤਾਵੇਜ਼ੀ ਅਤੇ ਕਾਗਜ਼ਾਂ ਵਿਚਲਾ ਨਾਂ ਹੈ, ਜਦ ਕਿ, ’ਗੁਰੂ ਨਾਨਕ ਜਹਾਜ਼’ ਮੁਸਾਫ਼?ਰਾਂ ਦੇ ਸਫ਼ਰ ਦੀ ਪਛਾਣ ਹੈ।
’ਗੁਰੂ ਨਾਨਕ ਜਹਾਜ਼’ ਨਾਂ ਬਦਲ ਕੇ ਨਹੀਂ ਰੱਖਿਆ, ਬਲਕਿ ਬਹਾਲ ਕੀਤਾ ਗਿਆ ਹੈ
ਵੈਨਕੂਵਰ ’ਚ ਸਮੁੰਦਰੀ ਤੱਟ ’ਤੇ ’ਗੁਰੂ ਨਾਨਕ ਜਹਾਜ਼ ਮੈਮੋਰੀਅਲ’ ਦੇ ਨਾਂ ’ਤੇ, ਜਦੋਂ ਨਵਾਂ ਸਮਾਰਕ ਸਥਾਪਤ ਕੀਤਾ ਗਿਆ, ਤਾਂ ਕਈਆਂ ਨੇ ਪ੍ਰਚਾਰ ਕੀਤਾ ਕਿ ਕਾਮਾਗਾਟਾਮਾਰੂ ਦਾ ਨਾਂ ਬਦਲ ਦਿੱਤਾ ਗਿਆ ਹੈ। ਉਹ ਇਹ ਭੁੱਲ ਗਏ ਕਿ ਨਾਂ ਬਦਲ ਕੇ ਨਹੀਂ ਰੱਖਿਆ ਗਿਆ, ਬਲਕਿ ’ਗੁਰੂ ਨਾਨਕ ਜਹਾਜ਼’ ਨਾਂ ਮੁਸਾਫਿਰਾਂ ਵੱਲੋਂ ਯਾਤਰਾ ਸ਼ੁਰੂ ਕਰਨ ਸਮੇਂ ਹੀ ਦੇ ਦਿੱਤਾ ਗਿਆ ਸੀ। ਸਾਡੇ ਲੇਖਕਾਂ ਤੇ ਸਿਆਸਤਦਾਨਾਂ ਨੇ ਇਸ ਸੱਚ ਨੂੰ ਅਣਗੌਲਿਆ ਕਰ ਦਿੱਤਾ ਤੇ ਬ੍ਰਿਟਿਸ਼ ਕਲੋਨੀਅਲ ਰਿਕਾਰਡਾਂ ਵਿੱਚਲੇ ਬੇੜੇ ਦੇ ਨਾਂ ’ਕਾਮਾਗਾਟਾਮਾਰੂ’ ਨੂੰ ਹੀ ਮੂਹਰੇ ਰੱਖਿਆ। ਹੁਣ 112 ਸਾਲ ਮਗਰੋਂ ਵੈਨਕੂਵਰ ਸਿਟੀ ਕੌਂਸਲ, ਪਾਰਕ ਕੌਂਸਲ ਤੇ ਕਈ ਹੋਰਨਾਂ ਵੱਲੋਂ ਵੀ ’ਗੁਰੂ ਨਾਨਕ ਜਹਾਜ਼’ ਸ਼ਬਦ ਵਰਤਿਆ ਗਿਆ ਹੈ। ਇਹ ਨਵਾਂ ਨਾਂ ਨਾ ਸਮਝਿਆ ਜਾਵੇ, ਸਗੋਂ ਬਹਾਲ ਕੀਤਾ ਗਿਆ ਸਮਝਿਆ ਜਾਵੇ। ਹੁਣ ਫੈਡਰਲ ਮੁਆਫ਼ੀ ’ਚ ਇਸੇ ਤਰਜ਼ ’ਤੇ ’ਗੁਰੂ ਨਾਨਕ ਜਹਾਜ਼’ ਨਾਂ ਬਹਾਲ ਕੀਤਾ ਜਾਣ ਜ਼ਰੂਰੀ ਹੈ, ਤਾਂ ਕਿ 112 ਸਾਲ ਮਗਰੋਂ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨੂੰ ਉਹਨਾਂ ਦੀ ਸਹੀ ਪਛਾਣ ਦਿੱਤੀ ਜਾ ਸਕੇ। ਅਜਿਹਾ ਹੋਣ ’ਚ ਦੇਰੀ ਮੁਸਾਫ਼?ਰਾਂ ਦਾ ਘੋਰ ਨਿਰਾਦਰ ਹੈ।
’ਗੁਰੂ ਨਾਨਕ ਜਹਾਜ਼’ ਨਾਂ ਵਰਤਣ ਦਾ ਮਤਲਬ, ’ਕਾਮਾਗਾਟਾਮਾਰੂ’ ਮਿਟਾਉਣਾ ਨਹੀਂ
ਦਰਅਸਲ ’ਗੁਰੂ ਨਾਨਕ ਜਹਾਜ਼’ ਪੰਜਾਬ ਦੇ ਮੁਸਾਫਿਰਾਂ ਵੱਲੋਂ ਸਫ਼ਰ ਲਈ ਦਿੱਤਾ ਗਿਆ ਨਾਂ ਹੈ। ਮੁਸਾਫਿਰਾਂ ਨੇ ਜਹਾਜ਼ ਕਿਰਾਏ ’ਤੇ ਲੈ ਕੇ ਉਵੇਂ ਹੀ ਇਹ ਨਾਂ ਦਿੱਤਾ, ਜਿਵੇਂ ਅਸੀਂ ਕੋਈ ਵਾਹਨ ਜਾਂ ਜਗ?ਹਾ ਲੀਜ਼ ਆਦਿ ’ਤੇ ਲੈ ਕੇ, ਉਸ ਨੂੰ ਆਪਣਾ ਨਾਂ ਦਿੰਦੇ ਹਾਂ। ’ਗੁਰੂ ਨਾਨਕ ਜਹਾਜ਼’ ਨਾਂ ਬਾਬਾ ਗੁਰਦਿੱਤ ਸਿੰਘ ਅਤੇ ਸਮੂਹ ਮੁਸਾਫਿਰ ਭਾਈਆਂ ਨੇ, ਭਾੜੇ ’ਤੇ ਜਹਾਜ਼ ਲੈ ਕੇ ਵੱਡੀ ਭਾਵਨਾ ਅਤੇ ਉਦੇਸ਼ ਅਨੁਸਾਰ ਰੱਖਿਆ ਸੀ।ਇਸ ਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਜਹਾਜ਼ ਨਾਂ ਬਹਾਲ ਕਰਨ ਦਾ ਉਦੇਸ਼, ’ਕਾਮਾਗਾਟਾਮਾਰੂ’ ਨਾਂ ਮਿਟਾਉਣਾ ਹੈ। ਇਹ ਦਲੀਲ ਬਿਲਕੁਲ ਗ਼ਲਤ ਹੈ ਕਿਉਂਕਿ ਕਾਮਾਗਾਟਾਮਾਰੂ ਕੰਪਨੀ ਦਾ ਇਹ ਜਹਾਜ਼ ਸੀ, ਇਸ ਲਈ ਸਰਕਾਰਾਂ, ਅਕਾਦਮਿਕਾਂ ਅਤੇ ਕੰਪਨੀ ਵਾਲਿਆਂ ਵੱਲੋਂ ਪੁਰਾਣੇ ਦਸਤਾਵੇਜ਼ਾਂ ’ਚ ਇਹੀ ਨਾਂ ਦਰਜ ਹੈ ਤੇ ਇਸੇ ਤਰ੍ਹਾਂ ਹੀ ਰਹੇਗਾ। ਗੁਰੂ ਨਾਨਕ ਜਹਾਜ਼’ ਨਾਂ ਬਹਾਲ ਕਰਾਉਣ ਅਤੇ ਅਪਣਾਉਣ ਦਾ ਅਰਥ ਦਸਤਾਵੇਜ਼ਾਂ ’ਚੋਂ ਕਾਮਾਗਾਟਾਮਾਰੂ ਨਾਂ ਮਿਟਾਉਣਾ ਨਹੀਂ ਹੈ। ਇਹ ਮੁੱਦਾ ਹੀ ਨਹੀਂ। ਮੁੱਦਾ ਹੈ ਕਿ ਯਾਤਰਾ ਨੂੰ ਮੁਸਾਫਿਰਾਂ ਵਲੋਂ ਦਿੱਤੇ ਨਾਂ ਨਾਲ ਚੇਤੇ ਕੀਤਾ ਜਾਵੇ। ਇਸ ਦਾ ਬਿਰਤਾਂਤ ਸਹੀ ਰੱਖਿਆ ਜਾਵੇ, ਨਾ ਕਿ ਕਿਰਾਏ ਵਾਲੇ ਜਹਾਜ਼ ਦੇ ਕਾਰਪੋਰੇਟ ਅਦਾਰੇ ਦੀ ਪਛਾਣ ਅੱਗੇ ਰੱਖੀ ਜਾਵੇ। ਜਨ-ਸਮੂਹ ਦੇ ਬਿਰਤਾਂਤ ਅਤੇ ਯਾਦ ਦੀ ਤਰਜਮਾਨੀ, ਉਸ ਦੀ ਪਛਾਣ ਵਾਲੀ ਸ਼ਬਦਾਵਲੀ ਤੋਂ ਹੀ ਹੁੰਦੀ ਹੈ, ਕਾਰਪੋਰੇਟ ਅਤੇ ਕੋਲੋਨੀਅਲ ਸ਼ਬਦਾਵਲੀ ਤੋਂ ਨਹੀਂ। ਸਹੀ ਢੰਗ ਨਾਲ ਮੰਗੀ ਮੁਆਫ਼ੀ ਯਾਤਰੂਆਂ ਨਾਲ ਹੋਏ ਨਸਲਵਾਦ ਖਿਲਾਫ ਵੱਡੇ ਸੰਘਰਸ਼ ਦੀ ਭੂਮਿਕਾ ਹੈ। ਮੁਆਫ਼ੀ ਕਲੋਨੀਅਲ ਦਰਜਾਬੰਦੀ ਦੀ ਸ਼ਬਦਾਵਲੀ ’ਚ ਕੈਦ ਹੋ ਕੇ, ਕੈਨੇਡੀਅਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਪੂਰਾ ਨਹੀਂ ਕਰ ਸਕਦੀ।’ਕਾਮਾਗਾਟਾਮਾਰੂ ਦਾ ਦੁਖਾਂਤ, ’ਕਾਮਾਗਾਟਾਮਾਰੂ ਤੋਂ ਮੁਆਫ਼ੀ’, ’ਕਾਮਾਗਾਟਾਮਾਰੂ ਦੀ ਯਾਤਰਾ’ ਆਦਿ ਸ਼ਬਦ ਪੰਜਾਬੀਆਂ ਦੀ ਸਾਂਝੀ ਪਛਾਣ ਦਾ ਪ੍ਰਗਟਾਵਾ ਨਹੀਂ ਕਰਦੇ। ਪੰਜਾਬ ਤੋਂ ਕੈਨੇਡਾ ਆ ਕੇ ਨਸਲਵਾਦ ਦਾ ਸਾਹਮਣਾ ਕਰਨ ਵਾਲੇ ਮੁਸਾਫਿਰਾਂ ਦਾ ਪ੍ਰਗਟਾਵਾ ’ਗੁਰੂ ਨਾਨਕ ਜਹਾਜ਼’ ਦੇ ਸ਼ਬਦ ਨਾਲ ਹੀ ਹੁੰਦਾ ਹੈ। ਇਸ ਲਈ ਯਾਤਰੂਆਂ ਦੀ ਪਛਾਣ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਨੇਡਾ ਦੀ ਸਰਕਾਰ ਨੂੰ ਮੁਆਫ਼ੀਨਾਮੇ ਵਿੱਚ ਸੋਧ ਕਰਨ ਦੀ ਲੋੜ ਹੈ। ਗੁਰੂ ਨਾਨਕ ਸ਼ਬਦ ਨਸਲਵਾਦ ਖਿਲਾਫ ਲੜਨ ਦੀ ਪ੍ਰੇਰਨਾ ਵੀ ਹੈ ਅਤੇ ਮਾਰਗਦਰਸ਼ਨ ਵੀ।
ਡਾ ਗੁਰਵਿੰਦਰ ਸਿੰਘ ਧਾਲੀਵਾਲ
604 825 1550

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law