ਰਿਚਮੰਡ ਆਰ.ਸੀ.ਐੱਮ.ਪੀ. ਦੀ ਰੋਡ ਸੇਫਟੀ ਯੂਨਿਟ ਵੱਲੋਂ ਵਾਹਨ ਚਾਲਕਾਂ ਦੀ ਤੇਜ਼ ਰਫ਼ਤਾਰ ਅਤੇ ਅਸੁਰੱਖਿਅਤ ਡ੍ਰਾਈਵਿੰਗ ਦੀਆਂ ਆਦਤਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮਾਂ, ਜਾਗਰੂਕਤਾ ਕਾਰਜਾਂ ਅਤੇ ਨਿਵਾਸੀਆਂ ਦੀਆਂ ਸ਼ਿਕਾਇਤਾਂ ‘ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਜੁਲਾਈ ਦੌਰਾਨ ਰਿਚਮੰਡ ਆਰ.ਸੀ.ਐੱਮ.ਪੀ. ਅਧਿਕਾਰੀਆਂ ਨੇ ਰਿਚਮੰਡ ਵਿੱਚ ਵਿਸ਼ੇਸ਼ ਮੁਹਿੰਮਾਂ ਚਲਾਉਂਦਿਆਂ ਮੋਟਰ ਵਹੀਕਲ ਐਕਟ ਤਹਿਤ 1,011 ਤੋਂ ਵੱਧ ਚਲਾਨ ਅਤੇ ਦੋਸ਼ ਜਾਰੀ ਕੀਤੇ। Îਜ਼ਿਨ੍ਹਾਂ ਵਿਚ ਤੇਜ਼ ਰਫ਼ਤਾਰ: 295, ਡਰਾਈਵਰ ਲਾਇਸੈਂਸ ਦੀ ਉਲੰਘਣਾ: 167, ਡਰਾਈਵਿੰਗ ਦੌਰਾਨ ਧਿਆਨ ਭਟਕਣਾ :148, ਸ਼ਰਾਬ ਜਾਂ ਨਸ਼ੇ ਦੀ ਹਾਲਤ ਵਿੱਚ ਡ੍ਰਾਈਵਿੰਗ: 24 ਸ਼ਾਮਲ ਹਨ| ਇਸ ਤੋਂ ਇਲਾਵਾ, ਇਹ ਮੁਹਿੰਮਾਂ ਖ਼ਾਸ ਤੌਰ ’ਤੇ ਤੇਜ਼ ਰਫ਼ਤਾਰ, ਧਿਆਨ ਭਟਕਾਉਣ ਵਾਲੀ ਡਰਾਈਵਿੰਗ, ਲੇਨ ਦੀ ਪਾਲਣਾ, ਨਿਰਮਾਣ ਖੇਤਰਾਂ , ਪਾਬੰਦੀਸ਼ੁਦਾ ਡਰਾਈਵਿੰਗ ਅਤੇ ਕਮਰਸ਼ੀਅਲ ਵਾਹਨਾਂ ਦੀ ਸੁਰੱਖਿਆ ਤੇ ਕੇਂਦ੍ਰਿਤ ਰਹੀਆਂ। ਕਈ ਡਰਾਈਵਰਾਂ ਨੂੰ ਬਹੁਤ ਖ਼ਤਰਨਾਕ ਅਤੇ ਤੈਅ ਹੱਦ ਤੋਂ ਵੱਧ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਂਦਿਆਂ ਫੜਿਆ ਗਿਆ, ਜਿਸ ਕਾਰਨ ਉਨ੍ਹਾਂ ਦੀਆਂ ਗੱਡੀਆਂ ਨੂੰ ਮੌਕੇ ਤੇ ਹੀ ਜ਼ਬਤ ਕਰ ਲਿਆ ਗਿਆ।
ਕੁਝ ਮੁੱਖ ਮਾਮਲੇ ਇਸ ਤਰ੍ਹਾਂ ਹਨ: ਵੈਸਟਮਿੰਸਟਰ ਹਾਈਵੇਅ ਤੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਸੀਮਾ ਵਾਲੇ ਇਲਾਕੇ ਵਿੱਚ ਇੱਕ ਡਰਾਈਵਰ 108 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਹਾਈਵੇਅ 91 ’ਤੇ 80 ਕਿਲੋਮੀਟਰ ਪ੍ਰਤੀ ਘੰਟਾ ਦੀ ਸੀਮਾ ਵਾਲੀ ਥਾਂ ’ਤੇ ਇੱਕ ਵਾਹਨ 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ’ਤੇ ਫੜਿਆ ਗਿਆ।
ਹਾਈਵੇਅ-2 ਤੇ ਇੱਕ ਵਾਹਨ ਨੂੰ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਰਫ਼ਤਾਰ ਨਾਲ ਦੌੜਦਿਆਂ ਦੇਖਿਆ ਗਿਆ। ਰੋਡ ਸੇਫਟੀ ਯੂਨਿਟ ਨੇ ਕਮਰਸ਼ੀਅਲ ਵਾਹਨਾਂ ਦੀ ਜਾਂਚ ਵਿੱਚ ਵੀ ਹਿੱਸਾ ਲਿਆ, ਜਿਸ ਦੌਰਾਨ ਖਰਾਬ ਟਾਇਰਾਂ, ਅਸੁਰੱਖਿਅਤ ਸਾਮਾਨ, ਖਰਾਬ ਲਾਈਟਾਂ ਅਤੇ ਗਲਤ ਟ੍ਰੇਲਰ ਕਨੈਕਸ਼ਨਾਂ ਵਰਗੀਆਂ ਕਮੀਆਂ ਕਾਰਨ ਕਈ ਸੁਰੱਖਿਆ ਕਾਰਵਾਈਆਂ ਕੀਤੀਆਂ ਗਈਆਂ। ਇੱਕ ਮਾਮਲੇ ਵਿੱਚ, ਇੱਕ ਕਮਰਸ਼ੀਅਲ ਵਰਕ ਵੈਨ ਜਿਸ ਵਿੱਚ ਦੇਸੀ ਤਰੀਕੇ ਨਾਲ ਬਦਲਵੀਂ ਸੀਟ ਬੈਲਟ ਲਗਾਈ ਗਈ ਸੀ, ਨੂੰ ਸੇਵਾ ਤੋਂ ਹਟਾ ਕੇ ਮੁਰੰਮਤ ਲਈ ਟੋਅ ਕਰ ਦਿੱਤਾ ਗਿਆ।
ਕਾਨੂੰਨ ਦੀ ਪਾਲਣਾ ਦੇ ਨਾਲ-ਨਾਲ, ਆਰ.ਸੀ.ਐੱਮ.ਪੀ. ਅਧਿਕਾਰੀਆਂ ਨੇ ਰਿਚਮੰਡ ਦੇ ਪ੍ਰਸਿੱਧ ਖੇਤਰਾਂ ਵਿੱਚ ਈ-ਸਕੂਟਰਾਂ ਅਤੇ ਸਾਈਕਲ ਸਵਾਰਾਂ ਲਈ ਸੁਰੱਖਿਆ ਸਿੱਖਿਆ ਮੁਹਿੰਮ ਵੀ ਚਾਈ। ਸਟੀਵਸਟਨ ਖੇਤਰ ਵਿੱਚ ਵਾਰ-ਵਾਰ ਕੀਤੀ ਗਈ ਟ੍ਰੈਫਿਕ ਚੈਕਿੰਗ ਦੌਰਾਨ ਲਗਭਗ 20 ਤੇਜ਼ ਰਫ਼ਤਾਰ ਦੇ ਚਲਾਨ ਕੱਟੇ ਗਏ ਅਤੇ ਇਲਾਕੇ ਦੀ ਜਾਂਚ ਤੋਂ ਬਾਅਦ ਇੱਕ ਟ੍ਰੈਫਿਕ ਸ਼ਿਕਾਇਤ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ ਗਿਆ। ਰਿਚਮੰਡ ਆਰਸੀਐਮਪੀ ਦੀ ਰੋਡ ਸੇਫਟੀ ਯੂਨਿਟ ਦੇ ਸਾਰਜੈਂਟ ਸਟੀਫਨ ਲਾਰਜ ਨੇ ਕਿਹਾ ਕਿ ਟ੍ਰੈਫਿਕ ਨੂੰ ਕਾਬੂ ਹੇਠ ਰੱਖਣ ਲਈ ਸਖ਼ਤ ਕਾਰਵਾਈ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ ਤਾਂ ਜੋ ਡਰਾਈਵਿੰਗ ਦੇ ਖ਼ਤਰਨਾਕ ਤਰੀਕਿਆਂ ਨੂੰ ਘਟਾਇਆ ਜਾ ਸਕੇ ਅਤੇ ਸਾਰੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ‘ਤੇ ਪੂਰਾ ਧਿਆਨ ਦੇਵਾਂਗੇ ਅਤੇ ਉਨ੍ਹਾਂ ਇਲਾਕਿਆਂ ਵਿੱਚ ਆਪਣੀ ਨਜ਼ਰ ਰੱਖਾਂਗੇ ਜਿੱਥੇ ਖ਼ਤਰਨਾਕ ਡ੍ਰਾਈਵਿੰਗ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।
ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਸੁਰੱਖਿਆ ਨਾਲ ਜੁੜੀਆ ਸਮੱਸਿਆਵਾਂ ਅਤੇ ਸ਼ਿਕਾਇਤਾਂ ਸਿਟੀ ਆਫ਼ ਰਿਚਮੰਡ ਅਤੇ ਰਿਚਮੰਡ ਆਰਸੀਐਮਪੀ ਤੱਕ ਪਹੁੰਚਾਉਣ ਤਾਂ ਜੋ ਲੋੜੀਂਦੇ ਖੇਤਰਾਂ ਵਿੱਚ ਪੁਲਿਸ ਸਰੋਤਾਂ ਦੀ ਸਹੀ ਵਰਤੋਂ ਕਰਕੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਸਰੀ ਬੀ ਸੀ
ਰਿਚਮੰਡ ਆਰ.ਸੀ.ਐੱਮ.ਪੀ. ਰੋਡ ਰਿਪੋਰਟ: ਤੇਜ਼ ਰਫ਼ਤਾਰ ਅਤੇ ਅਸੁਰੱਖਿਅਤ ਡ੍ਰਾਈਵਿੰਗ ਵਿਰੁੱਧ ਸਖ਼ਤ ਕਾਰਵਾਈ ਜਾਰੀ






