·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਖੋਸਾ ਫਾਰਮ ਸਰੀ ਵਿਖੇ ਹਰਿੰਦਰ ਸੰਧੂ ਤੇ ਅਮਨ ਧਾਲੀਵਾਲ ਨੇ ਬੰਨਿ੍ਹਆ ਸੁਰਾਂ ਦਾ ਰੰਗ


ਵੱਡੀ ਗਿਣਤੀ ਵਿੱਚ ਸਾਹਿਤਕ, ਸੰਗੀਤਕ, ਰਾਜਨੀਤਿਕ ਤੇ ਸਮਾਜਿਕ ਹਸਤੀਆਂ ਨੇ ਕੀਤੀ ਸ਼ਿਰਕਤ

ਸਰੀ, (ਹਰਦਮ ਮਾਨ)- ਪੰਜਾਬੀ ਸੱਭਿਆਚਾਰ, ਲੋਕ-ਗੀਤਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਆਪਣੀ ਗਾਇਕੀ ਰਾਹੀਂ ਸਮਰਪਿਤ ਮੰਨੀ-ਪ੍ਰਮੰਨੀ ਗਾਇਕ ਜੋੜੀ ਹਰਿੰਦਰ ਸੰਧੂ ਅਤੇ ਬੀਬਾ ਅਮਨ ਧਾਲੀਵਾਲ ਨੇ ਕੈਨੇਡਾ ਫੇਰੀ ਦੌਰਾਨ ਸਰੀ ਦੀ ਧਰਤੀ ’ਤੇ ਸੁਰਾਂ, ਸੰਗੀਤ ਅਤੇ ਸਾਂਝ ਦਾ ਅਜਿਹਾ ਰੰਗ ਬਿਖੇਰਿਆ ਕਿ 15 ਅਗਸਤ ਦੀ ਸ਼ਾਮ ਦੇਰ ਰਾਤ ਤੱਕ ਯਾਦਗਾਰੀ ਬਣੀ ਰਹੀ। ਉੱਘੇ ਲੇਖਕ ਬਿੱਕਰ ਸਿੰਘ ਖੋਸਾ ਅਤੇ ਰਾਜਦੀਪ ਸਿੰਘ ਖੋਸਾ ਦੇ ਖੋਸਾ ਫਾਰਮ ਸਰੀ ਵਿਖੇ ਕਰਵਾਏ ਗਏ ਇਸ ਸੰਗੀਤਕ ਸਮਾਗਮ ਨੂੰ ‘ਅਜ਼ਾਦੀ ਦਿਨ ਦੀ ਸ਼ਾਮ’ ਵਜੋਂ ਮਨਾਇਆ ਗਿਆ। ਖੁੱਲ੍ਹੇ-ਡੁੱਲ੍ਹੇ ਮਾਹੌਲ ਵਿੱਚ ਹੋਏ ਇਸ ਸਮਾਗਮ ਵਿੱਚ ਸਰੀ ਦੇ ਸਾਹਿਤਕ, ਸੰਗੀਤਕ, ਸਮਾਜਿਕ, ਰਾਜਨੀਤਿਕ ਅਤੇ ਮੀਡੀਆ ਖੇਤਰ ਨਾਲ ਜੁੜੀਆਂ ਅਨੇਕਾਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਸਮਾਗਮ ਦੀ ਰੌਣਕ ਵਧਾਈ।
ਸਮਾਗਮ ਦੀ ਸ਼ੁਰੂਆਤ ਉੱਘੇ ਲੇਖਕ ਦਰਸ਼ਨ ਸਿੰਘ ਸੰਘਾ ਵੱਲੋਂ ਮਹਿਮਾਨਾਂ ਅਤੇ ਸਰੋਤਿਆਂ ਨੂੰ ‘ਜੀ ਆਇਆਂ’ ਆਖਣ ਨਾਲ ਹੋਈ। ਉਪਰੰਤ ਗੁਰਪ੍ਰੀਤ ਢਿੱਲੋਂ ਨੇ ਸੁਰਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਗੀਤ ਪੇਸ਼ ਕੀਤਾ ਅਤੇ ਫਿਰ ਆਪਣਾ ਗੀਤ ਸੁਣਾ ਕੇ ਸਰੋਤਿਆਂ ਤੋਂ ਖੂਬ ਦਾਦ ਹਾਸਲ ਕੀਤੀ। ਮੰਦਰ ਬੀਹਲੇਵਾਲਾ ਨੇ ਮੰਚ ਸੰਭਾਲਦਿਆਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਲੱਖਣ ਅੰਦਾਜ਼-ਏ-ਬਿਆਨ ਵਿੱਚ ਖੂਬਸੂਰਤ ਸ਼ਿਅਰਾਂ ਨਾਲ ਮਾਹੌਲ ਨੂੰ ਸੰਗੀਤਕ ਰੰਗ ਵਿੱਚ ਰੰਗਿਆ ਅਤੇ ਤਾੜੀਆਂ ਦੀ ਗੂੰਜ ਵਿੱਚ ਹਰਿੰਦਰ ਸੰਧੂ ਤੇ ਅਮਨ ਧਾਲੀਵਾਲ ਨੂੰ ਮੰਚ ’ਤੇ ਸੱਦਾ ਦਿੱਤਾ। ਮੰਚ ’ਤੇ ਆਉਂਦਿਆਂ ਹਰਿੰਦਰ ਸੰਧੂ ਨੇ ਖੋਸਾ ਪਰਿਵਾਰ ਅਤੇ ਸਮਾਗਮ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਚਰਚਿਤ ਗੀਤ ‘ਜੀਹਦੇ ਪਈ ਨਾ ਸਰ੍ਹਾਣੇ ਕੋਈ ਦਵਾਈ, ਸ਼ੁਕਰ ਮਨਾਵੇ ਰੱਬ ਦਾ’ ਨਾਲ ਗਾਇਕੀ ਦਾ ਆਗਾਜ਼ ਕੀਤਾ। ਇਸ ਤੋਂ ਬਾਅਦ ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਨੇ ਨਵੇਂ-ਪੁਰਾਣੇ ਗੀਤਾਂ ਅਤੇ ਦੋਗਾਣਿਆਂ ਦੀ ਐਸੀ ਝੜੀ ਲਾਈ ਕਿ ਸਰੋਤੇ ਦੇਰ ਰਾਤ ਤੱਕ ਮੰਤਰ-ਮੁਗਧ ਹੋ ਕੇ ਸੰਗੀਤ ਦਾ ਆਨੰਦ ਮਾਣਦੇ ਰਹੇ। ਗਾਇਕ ਜੋੜੀ ਨੇ ਆਪਣੇ ਪਸੰਦੀਦਾ ਗੀਤਾਂ ਦੇ ਨਾਲ-ਨਾਲ ਸਰੋਤਿਆਂ ਦੀਆਂ ਫ਼ਰਮਾਇਸ਼ਾਂ ਨੂੰ ਵੀ ਪੂਰਾ ਕੀਤਾ। ਪੰਜਾਬੀ ਲੋਕ-ਸੰਗੀਤ ਦੀ ਮਹਿਕ ਅਤੇ ਸੱਭਿਆਚਾਰਕ ਰੰਗ ਨਾਲ ਭਰਪੂਰ ਇਸ ਪੇਸ਼ਕਾਰੀ ਦੌਰਾਨ ਦਰਸ਼ਕਾਂ ਨੇ ਤਾੜੀਆਂ ਅਤੇ ਵਾਹ-ਵਾਹ ਨਾਲ ਗਾਇਕਾਂ ਦਾ ਹੌਸਲਾ ਵਧਾਇਆ। ਕਈ ਸਰੋਤਿਆਂ ਨੇ ਡਾਲਰਾਂ ਦੀ ਵਰਖਾ ਕਰਕੇ ਵੀ ਗਾਇਕ ਜੋੜੀ ਪ੍ਰਤੀ ਆਪਣਾ ਪਿਆਰ ਅਤੇ ਮਾਣ-ਸਨਮਾਨ ਪ੍ਰਗਟ ਕੀਤਾ। ਸੰਗੀਤਕ ਪੇਸ਼ਕਾਰੀ ਨੂੰ ਸਾਜ਼ਾਂ ’ਤੇ ਦਵਿੰਦਰ ਸੰਧੂ (ਬੈਂਜੋ), ਗੋਪਾ (ਤਬਲਾ), ਕੁਲਦੀਪ ਸਿੰਘ (ਕੀਬੋਰਡ) ਅਤੇ ਵਿੱਕੀ ਮਾਣੇਵਾਲੀਆ (ਕੋਰਸ) ਨੇ ਆਪਣੀ ਕਲਾ ਨਾਲ ਚਾਰ ਚੰਨ ਲਾਏ। ਇਸ ਮੌਕੇ ਅਮਨ ਧਾਲੀਵਾਲ ਦੇ ਭਰਾ ਕਿਸਮਤ ਸਿੰਘ ਬੀਹਲਾ ਨੇ ਵੀ ਆਪਣੀ ਕਲਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।
ਇਸ ਯਾਦਗਾਰੀ ਸ਼ਾਮ ਦਾ ਪ੍ਰਬੰਧ ਰਾਜਦੀਪ ਖੋਸਾ, ਬਿੱਕਰ ਸਿੰਘ ਖੋਸਾ (ਖੋਸਾ ਫਾਰਮ ਸਰੀ), ਦਰਸ਼ਨ ਸਿੰਘ ਸੰਘਾ, ਬਲਬੀਰ ਸਿੰਘ ਬਰਾੜ, ਕੁਲਬੀਰ ਸਿੰਘ ਬਰਾੜ, ਜੀਵਨ ਸਿੰਘ ਬਰਾੜ, ਹਰਪ੍ਰੀਤ ਬਰਾੜ ਝੱਖੜਵਾਲੀਆ, ਪ੍ਰਦੀਪ ਸਿਵੀਆਂ, ਸਤਿੰਦਰ ਸਰਾਂ, ਬਲਵਿੰਦਰ ਸਰਾਂ, ਗੁਰਪ੍ਰੀਤ ਢਿੱਲੋਂ, ਪ੍ਰਿਥੀ ਗਿੱਲ, ਮੋਹਦੀਪ ਮਾਨ, ਸੁਰਜੀਤ ਬਰਾੜ, ਬਾਬ ਹੰਸ, ਸੁੱਖੀ ਜੌਹਲ, ਪਵਨ ਸੇਠੀ, ਜਗਵਿੰਦਰ ਸਰਾਂ ਅਤੇ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਰੰਗੀਨ ਸ਼ਾਮ ਵਿੱਚ ਸਰੀ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਜਾਣੀਆਂ-ਪਛਾਣੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਇਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਐਮ.ਐਲ.ਏ. ਜਗਰੂਪ ਸਿੰਘ ਬਰਾੜ, ਮੋਹਨ ਗਿੱਲ, ਅੰਗਰੇਜ਼ ਬਰਾੜ, ਪ੍ਰਿਤਪਾਲ ਸਿੰਘ ਗਿੱਲ, ਸੁਰਜੀਤ ਸਿੰਘ ਮਾਧੋਪੁਰੀ, ਕਵਿੰਦਰ ਚਾਂਦ, ਅਮਰੀਕ ਪਲਾਹੀ, ਸੁਖਵਿੰਦਰ ਜੌਹਲ, ਕਿਰਨਦੀਪ ਮੱਲ੍ਹੀ, ਡਾ. ਬਲਵਿੰਦਰ ਸਿੰਘ ਧਾਲੀਵਾਲ, ਕੁਲਵੰਤ ਸਹੋਤਾ, ਬਰਜਿੰਦਰ ਬਾਠ, ਗੁਰਬਾਜ ਬਰਾੜ, ਕਰਤਾਰ ਢਿੱਲੋਂ, ਜਸਵੀਰ ਸਿੰਘ ਭਲੂਰੀਆ, ਵੀਤ ਬਾਦਸ਼ਾਹਪੁਰੀ, ਸੁਖਪ੍ਰੀਤ ਦੌਲਤ, ਗੀਤਕਾਰ ਜਗਵਿੰਦਰ ਸਰਾਂ, ਜਗਦੀਪ ਖੋਸਾ (ਪੀਟਰ), ਬਲਰਾਜ ਸਿੰਘ ਸਰਾਂ, ਜਗਤਾਰ ਰਾਊਕੇ ਅਤੇ ਜੱਗੀ ਰਾਮੂਵਾਲੀਆ ਸ਼ਾਮਲ ਸਨ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law