ਸਰੀ, 24 ਅਗਸਤ: ਸਰਗਰਮਗੀ ਡਾ. ਜਸਵਿੰਦਰ ਸਿੰਘ ਭੱਲਾ ਦੀ ਪਹਿਲੀ ਬਰਸੀ ਮੌਕੇ ਸਰੀ ਦੇ ਗ੍ਰੈਂਡ ਤਾਜ ਬੈਂਕੁਇਟ ਹਾਲ ਵਿਖੇ ਕਰਵਾਏ ਗਏ ਯਾਦਗਾਰੀ ਸਮਾਗਮ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਜਮਾਤੀ ਸਾਥੀਆਂ ਵੱਲੋਂ ਡਾ. ਭੱਲਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।
ਇਸ ਮੌਕੇ ਡਾ. ਜਸਵਿੰਦਰ ਸਿੰਘ ਭੱਲਾ ਦੇ ਕਰੀਬੀ ਸਾਥੀਆਂ ਅਤੇ ਉਨ੍ਹਾਂ ਨਾਲ ਲੰਮਾ ਸਮਾਂ ਬਿਤਾਉਣ ਵਾਲੇ ਬਾਲ ਮੁਕੰਦ ਸ਼ਰਮਾ ਵਿਸ਼ੇਸ਼ ਤੌਰ ’ਤੇ ਆਪਣੇ ਪਰਿਵਾਰ ਸਮੇਤ ਕੈਲੀਫੋਰਨੀਆ ਤੋਂ ਸਰੀ ਪਹੁੰਚੇ। ਸਮਾਗਮ ਦੌਰਾਨ ਬੁਲਾਰਿਆਂ ਨੇ ਡਾ. ਭੱਲਾ ਦੀ ਸਾਦਗੀ, ਹਾਸ-ਮਜ਼ਾਕ, ਮਿਲਣਸਾਰ ਸੁਭਾਅ ਅਤੇ ਪੰਜਾਬੀ ਮਨੋਰੰਜਨ ਜਗਤ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ।

ਇਸ ਮਿਲਣੀ ਦੌਰਾਨ ਡਾ. ਜਸਵਿੰਦਰ ਸਿੰਘ ਭੱਲਾ ਨਾਲ ਬਿਤਾਏ ਪੁਰਾਣੇ ਸਮੇਂ ਦੀਆਂ ਕਈ ਯਾਦਾਂ ਤਾਜ਼ਾ ਕੀਤੀਆਂ ਗਈਆਂ। ਉਨ੍ਹਾਂ ਦੇ ਜੀਵਨ ਨਾਲ ਜੁੜੇ ਦੋਸਤਾਂ ਅਤੇ ਸਾਥੀਆਂ ਨੇ ਭਾਵੁਕ ਪਲ ਸਾਂਝੇ ਕਰਦਿਆਂ ਕਿਹਾ ਕਿ ਡਾ. ਭੱਲਾ ਆਪਣੀ ਕਲਾ, ਸ਼ਖ਼ਸੀਅਤ ਅਤੇ ਹਾਸੇ-ਮਜ਼ਾਕ ਰਾਹੀਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ।

ਇਸ ਮੌਕੇ ਡਾ. ਭੱਲਾ ਦੀ ਕਲਾ, ਉਨ੍ਹਾਂ ਦੀ ਦੇਸ਼ਭਗਤੀ ਅਤੇ ਪੰਜਾਬੀ ਭਾਈਚਾਰੇ ਨਾਲ ਉਨ੍ਹਾਂ ਦੇ ਗੂੜ੍ਹੇ ਰਿਸ਼ਤੇ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ। ਹਾਜ਼ਰੀਨ ਨੇ ਕਿਹਾ ਕਿ ਉਨ੍ਹਾਂ ਦੀਆਂ ਯਾਦਾਂ ਨੂੰ ਸਾਂਭਣ ਲਈ ਅਜਿਹੇ ਸਮਾਗਮ ਅਤੇ ਮਿਲਣੀਆਂ ਭਵਿੱਖ ਵਿੱਚ ਵੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
