ਡੈਲਟਾ, ਬ੍ਰਿਟਿਸ਼ ਕੋਲੰਬੀਆ, 1 ਅਕਤੂਬਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਡੈਲਟਾ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। Tsawwassen Mills ਸ਼ਾਪਿੰਗ ਸੈਂਟਰ ਦੇ ਬਾਹਰ ਇੱਕ ਪਿਕਅੱਪ ਟਰੱਕ ਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਬਜ਼ੁਰਗਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਲੋਕ ਜ਼ਖ਼ਮੀ ਹੋਏ। ਇਹ ਘਟਨਾ National Day for Truth and Reconciliation ਮੌਕੇ ਹੋ ਰਹੀ ਇੱਕ ਕਮਿਊਨਿਟੀ ਵਾਕ ਦੌਰਾਨ ਵਾਪਰੀ।
ਡਰਾਈਵਰ ਦੀ ਤਬੀਅਤ ਵਿਗੜਨ ਦਾ ਖਦਸ਼ਾ
ਡੈਲਟਾ ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਸੰਕੇਤ ਮਿਲੇ ਹਨ ਕਿ ਪਿਕਅੱਪ ਚਲਾ ਰਹੇ ਵਿਅਕਤੀ ਨੂੰ ਸੰਭਾਵਤ ਤੌਰ ’ਤੇ ਮੈਡੀਕਲ ਐਮਰਜੈਂਸੀ ਆਈ ਸੀ। ਇਸ ਤੋਂ ਬਾਅਦ ਵਾਹਨ ਬੇਕਾਬੂ ਹੋ ਕੇ ਇੱਕ ਗਰੁੱਪ ਵਿੱਚ ਜਾ ਵੜਿਆ। ਪੁਲਿਸ ਨੇ ਘਟਨਾ ਨੂੰ ਜਾਣਬੁੱਝ ਕੇ ਕੀਤਾ ਗਿਆ ਹਮਲਾ ਨਹੀਂ ਦੱਸਿਆ ਅਤੇ ਜਾਂਚ ਜਾਰੀ ਹੈ।
ਦੋ ਲੋਕਾਂ ਦੀ ਮੌਕੇ ’ਤੇ ਮੌਤ
ਹਾਦਸੇ ਵਿੱਚ ਮਾਰੇ ਗਏ ਦੋਵੇਂ ਵਿਅਕਤੀ Tsawwassen First Nation ਦੇ ਬਜ਼ੁਰਗ ਸਨ। ਦੋ ਹੋਰ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਘਟਨਾ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਵੱਲੋਂ ਵੱਡੇ ਪੱਧਰ ’ਤੇ ਰਾਹਤ ਕਾਰਜ ਚਲਾਇਆ ਗਿਆ। Provincial Health Services Authority ਨੇ ਮੌਕੇ ’ਤੇ 12 ਐਂਬੂਲੈਂਸਾਂ ਅਤੇ ਦੋ ਹੈਲੀਕਾਪਟਰ ਭੇਜੇ।
ਪਿਕਅੱਪ ਟਰੱਕ ਆਖ਼ਰਕਾਰ ਸ਼ਾਪਿੰਗ ਸੈਂਟਰ ਦੀ ਇੱਕ ਕੰਧ ਨਾਲ ਜਾ ਟਕਰਾਇਆ। ਪੁਲਿਸ ਨੇ ਘਟਨਾ ਦੇ ਗਵਾਹਾਂ ਅਤੇ ਕਮਿਊਨਿਟੀ ਮੈਂਬਰਾਂ ਤੋਂ ਪੁੱਛਗਿੱਛ ਕੀਤੀ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਗਟਾਇਆ ਦੁੱਖ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਪ੍ਰਤੀ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਘਟਨਾ ਪਹਿਲਾਂ ਹੀ ਸੋਗ ਭਰੇ ਦਿਨ ’ਤੇ ਕਮਿਊਨਿਟੀ ਲਈ ਹੋਰ ਦੁੱਖ ਲੈ ਕੇ ਆਈ ਹੈ।
ਪੁਲਿਸ ਵੱਲੋਂ ਹਾਦਸੇ ਦੇ ਪੂਰੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੇ ਘਟਨਾ ਸਬੰਧੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
