—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਕੈਨੇਡਾ

Canada News: ਬ੍ਰਿਟਿਸ਼ ਕੋਲੰਬੀਆ ’ਚ ਤੁਫਾਨ ਨੇ ਤਬਾਹੀ ਮਚਾਈ, ਇੱਕ ਮੌਤ, ਕਈ ਜ਼ਖਮੀ

ਵੈਨਕੂਵਰ (ਕੈਨੇਡਾ): ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਲਗਾਤਾਰ ਆ ਰਹੇ ਤੇਜ਼ ਤੂਫ਼ਾਨਾਂ ਅਤੇ ਭਾਰੀ ਮੀਂਹ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਤੇਜ਼ ਹਵਾਵਾਂ ਕਾਰਨ ਦਰੱਖਤ ਜੜ੍ਹਾਂ ਤੋਂ ਉਖੜ ਕੇ ਸੜਕਾਂ ਅਤੇ ਬਿਜਲੀ ਦੀਆਂ ਤਾਰਾਂ ‘ਤੇ ਡਿੱਗ ਰਹੇ ਹਨ। ਇਸ ਕੁਦਰਤੀ ਆਫ਼ਤ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀਆਂ ਦੇ ਵਿਚਕਾਰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਤੋਂ ਬਾਅਦ ਇੱਕ ਤੂਫ਼ਾਨ ਆ ਰਹੇ ਹਨ। ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰੇ ਆਏ ਦੂਜੇ ਵੱਡੇ ਤੂਫ਼ਾਨ ਨੇ ਸੂਬੇ ਦੇ ਕਈ ਇਲਾਕਿਆਂ ਵਿੱਚ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਤੇਜ਼ ਹਵਾਵਾਂ ਅਤੇ ਮੋਹਲੇਧਾਰ ਮੀਂਹ ਕਾਰਨ ਆਵਾਜਾਈ, ਬਿਜਲੀ ਸਪਲਾਈ ਅਤੇ ਆਮ ਲੋਕਾਂ ਦੀਆਂ ਰੋਜ਼ਾਨਾ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ।

ਸਰੀ ਵਿੱਚ ਦਰੱਖਤ ਕਾਰ ‘ਤੇ ਡਿੱਗਣ ਕਾਰਨ ਇੱਕ ਦੀ ਮੌਤ

ਤੂਫ਼ਾਨ ਦੌਰਾਨ ਸਭ ਤੋਂ ਦਰਦਨਾਕ ਘਟਨਾ ਸਰੀ (Surrey) ਸ਼ਹਿਰ ਵਿੱਚ ਵਾਪਰੀ, ਜਿੱਥੇ ਹਾਈਵੇਅ-10 ‘ਤੇ ਇੱਕ ਵੱਡਾ ਦਰੱਖਤ ਦੋ ਕਾਰਾਂ ਉੱਪਰ ਡਿੱਗ ਪਿਆ। ਇਹ ਘਟਨਾ ਸ਼ਨੀਵਾਰ 7 ਨਵੰਬਰ ਨੂੰ ਰਾਤ ਕਰੀਬ 8 ਵਜੇ ਹਾਈਵੇਅ-10 ‘ਤੇ 182 ਸਟਰੀਟ ਅਤੇ 184 ਸਟਰੀਟ ਦੇ ਵਿਚਕਾਰ ਵਾਪਰੀ।

Navneet Sharma

ਸਰੀ ਪੁਲਿਸ ਨੂੰ ਸੜਕ ‘ਤੇ ਦਰੱਖਤ ਅਤੇ ਬਿਜਲੀ ਦੀਆਂ ਤਾਰਾਂ ਡਿੱਗਣ ਸਬੰਧੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਟੀਮਾਂ ਨੇ ਦੇਖਿਆ ਕਿ ਦੋ ਵਾਹਨ ਦਰੱਖਤ ਹੇਠਾਂ ਫਸੇ ਹੋਏ ਸਨ। ਬਚਾਅ ਟੀਮਾਂ ਵੱਲੋਂ ਮੈਡੀਕਲ ਸਹਾਇਤਾ ਦੇਣ ਦੇ ਬਾਵਜੂਦ ਇੱਕ ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੀ ਕਾਰ ਦਾ ਚਾਲਕ ਮਾਮੂਲੀ ਜ਼ਖ਼ਮੀ ਹੋ ਗਿਆ।

ਘਟਨਾ ਤੋਂ ਬਾਅਦ ਹਾਈਵੇਅ ਦੇ ਪ੍ਰਭਾਵਿਤ ਹਿੱਸੇ ਨੂੰ ਰਾਤ ਭਰ ਆਵਾਜਾਈ ਲਈ ਬੰਦ ਰੱਖਿਆ ਗਿਆ। ਬਾਅਦ ਵਿੱਚ ਦਰੱਖਤ ਅਤੇ ਬਿਜਲੀ ਦੀਆਂ ਤਾਰਾਂ ਹਟਾਉਣ ਤੋਂ ਬਾਅਦ ਸੜਕ ਨੂੰ ਇੱਕ-ਇੱਕ ਲੇਨ ਰਾਹੀਂ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ।

1.35 ਲੱਖ ਘਰਾਂ ਦੀ ਬਿਜਲੀ ਸਪਲਾਈ ਹੋਈ ਪ੍ਰਭਾਵਿਤ

ਤੂਫ਼ਾਨ ਕਾਰਨ ਬ੍ਰਿਟਿਸ਼ ਕੋਲੰਬੀਆ ਵਿੱਚ ਬਿਜਲੀ ਸਪਲਾਈ ਦਾ ਵੱਡਾ ਸੰਕਟ ਪੈਦਾ ਹੋ ਗਿਆ। ਬਿਜਲੀ ਕੰਪਨੀ ਬੀਸੀ ਹਾਈਡਰੋ (BC Hydro) ਦੇ ਅਨੁਸਾਰ ਐਤਵਾਰ ਤੜਕੇ ਕਰੀਬ 1 ਵਜੇ ਤੱਕ ਲਗਭਗ 1,35,000 ਗਾਹਕਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਸੀ।

ਐਤਵਾਰ ਸਵੇਰੇ 7 ਵਜੇ ਤੱਕ ਇਹ ਗਿਣਤੀ ਘਟ ਕੇ ਲਗਭਗ 63,000 ਰਹਿ ਗਈ। ਇਸ ਤੋਂ ਬਾਅਦ ਵੀ ਬਿਜਲੀ ਬਹਾਲ ਕਰਨ ਦਾ ਕੰਮ ਜਾਰੀ ਰਿਹਾ ਅਤੇ ਐਤਵਾਰ ਦੁਪਹਿਰ ਤੱਕ ਕਰੀਬ 30,000 ਗਾਹਕ ਬਿਜਲੀ ਤੋਂ ਬਿਨਾਂ ਸਨ।

ਬੀਸੀ ਹਾਈਡਰੋ ਮੁਤਾਬਕ 6 ਨਵੰਬਰ ਤੋਂ ਸ਼ੁਰੂ ਹੋਏ ਤੂਫ਼ਾਨਾਂ ਕਾਰਨ ਸੂਬੇ ਵਿੱਚ ਲਗਭਗ 4.15 ਲੱਖ ਗਾਹਕਾਂ ਦੀ ਬਿਜਲੀ ਸਪਲਾਈ ਕਿਸੇ ਨਾ ਕਿਸੇ ਸਮੇਂ ਪ੍ਰਭਾਵਿਤ ਹੋਈ। ਸਰੀ, ਡੰਕਨ, ਪੋਰਟ ਹਾਰਡੀ ਅਤੇ ਪ੍ਰਿੰਸ ਜਾਰਜ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਮਲ ਹਨ।

Sardar Ji Academy

ਜ਼ੇਬਾਲੋਸ ਵਿੱਚ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ

ਵੈਨਕੂਵਰ ਆਈਲੈਂਡ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿਤ ਜ਼ੇਬਾਲੋਸ (Zeballos) ਪਿੰਡ ਵਿੱਚ ਵੀ ਭਾਰੀ ਮੀਂਹ ਕਾਰਨ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਸਥਾਨਕ ਪ੍ਰਸ਼ਾਸਨ ਨੇ 6 ਨਵੰਬਰ ਨੂੰ ਹੜ੍ਹਾਂ ਅਤੇ ਲੈਂਡਸਲਾਈਡ ਦੇ ਖ਼ਤਰੇ ਨੂੰ ਦੇਖਦਿਆਂ ਐਮਰਜੈਂਸੀ ਦੀ ਸਥਿਤੀ ਐਲਾਨੀ ਸੀ। ਸ਼ੁਰੂ ਵਿੱਚ ਕਈ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਐਤਵਾਰ ਨੂੰ ਭੂ-ਤਕਨੀਕੀ ਜਾਂਚ ਦੀ ਰਿਪੋਰਟ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਇਨ੍ਹਾਂ ਹੁਕਮਾਂ ਵਿੱਚ ਤਬਦੀਲੀ ਕੀਤੀ।

ਤਾਜ਼ਾ ਜਾਣਕਾਰੀ ਅਨੁਸਾਰ 30 ਜਾਇਦਾਦਾਂ ਲਈ ਖਾਲੀ ਕਰਨ ਦੇ ਹੁਕਮ ਅਤੇ 19 ਜਾਇਦਾਦਾਂ ਲਈ ਚੌਕਸੀ ਸਬੰਧੀ ਅਲਰਟ ਜਾਰੀ ਸੀ। ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ

ਕੈਨੇਡਾ ਦੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ (Environment Canada) ਵੱਲੋਂ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਸਬੰਧੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ। ਕੁਝ ਇਲਾਕਿਆਂ ਵਿੱਚ ਹਵਾਵਾਂ ਦੀ ਰਫ਼ਤਾਰ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ।

ਮੌਸਮ ਵਿਭਾਗ ਨੇ ਲੋਕਾਂ ਨੂੰ ਦਰੱਖਤਾਂ, ਬਿਜਲੀ ਦੀਆਂ ਡਿੱਗੀਆਂ ਤਾਰਾਂ ਅਤੇ ਨੁਕਸਾਨੀਆਂ ਇਮਾਰਤਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਕਈ ਥਾਵਾਂ ‘ਤੇ ਬੀਸੀ ਫੈਰੀਜ਼ ਦੀਆਂ ਸੇਵਾਵਾਂ ਵੀ ਖ਼ਰਾਬ ਮੌਸਮ ਕਾਰਨ ਪ੍ਰਭਾਵਿਤ ਹੋਈਆਂ, ਹਾਲਾਂਕਿ ਬਾਅਦ ਵਿੱਚ ਕੁਝ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ।

ਇੱਕ ਹੋਰ ਤੂਫ਼ਾਨ ਆਉਣ ਦੀ ਚਿਤਾਵਨੀ

ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਮੁਸ਼ਕਲਾਂ ਅਜੇ ਖ਼ਤਮ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ। ਮੌਸਮ ਵਿਭਾਗ ਨੇ 10 ਤੋਂ 12 ਨਵੰਬਰ ਦਰਮਿਆਨ ਇੱਕ ਹੋਰ ਤਾਕਤਵਰ ਮੌਸਮੀ ਪ੍ਰਣਾਲੀ ਆਉਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਸੂਬੇ ਦੇ ਤੱਟਵਰਤੀ ਇਲਾਕਿਆਂ ਅਤੇ ਵੈਨਕੂਵਰ ਆਈਲੈਂਡ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਕੁਝ ਇਲਾਕਿਆਂ ਵਿੱਚ 50 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਪਹਿਲਾਂ ਹੀ ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਇਲਾਕਿਆਂ ਵਿੱਚ ਇਸ ਨਾਲ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਖ਼ਤਰਾ ਹੋਰ ਵਧ ਸਕਦਾ ਹੈ।

ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਲਗਾਤਾਰ ਆ ਰਹੇ ਤੂਫ਼ਾਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪ੍ਰਸ਼ਾਸਨ, ਪੁਲਿਸ, ਫਾਇਰ ਸਰਵਿਸ ਅਤੇ ਬਿਜਲੀ ਵਿਭਾਗ ਦੀਆਂ ਟੀਮਾਂ ਰਾਹਤ ਅਤੇ ਬਹਾਲੀ ਦੇ ਕੰਮਾਂ ਵਿੱਚ ਜੁਟੀਆਂ ਹੋਈਆਂ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੌਸਮ ਵਿਭਾਗ ਦੀਆਂ ਚਿਤਾਵਨੀਆਂ ਦੀ ਪਾਲਣਾ ਕਰਨ ਅਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ ਤੋਂ ਘੱਟੋ-ਘੱਟ 10 ਮੀਟਰ ਦੀ ਦੂਰੀ ਬਣਾਈ ਰੱਖਣ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma