ਡੈਰੋਸ਼ (ਬ੍ਰਿਟਿਸ਼ ਕੋਲੰਬੀਆ): ਐਤਵਾਰ ਦੀ ਸ਼ਾਮ ਨੂੰ ਡੈਰੋਸ਼ ਇਲਾਕੇ ਵਿੱਚ ਲੌਹੀਡ ਹਾਈਵੇਅ ਨੂੰ ਉਸ ਵੇਲੇ ਲੰਬੇ ਸਮੇਂ ਲਈ ਬੰਦ ਕਰਨਾ ਪਿਆ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਰੇਲ ਪਟੜੀ ’ਤੇ ਜਾ ਫਸੀ ਅਤੇ ਪਿੱਛੋਂ ਆ ਰਹੀ ਇੱਕ ਮਾਲ ਗੱਡੀ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਦੌਰਾਨ ਚੰਗੀ ਕਿਸਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਘਟਨਾ 12 ਜੁਲਾਈ ਨੂੰ ਸ਼ਾਮ ਦੇ ਕਰੀਬ 4 ਵਜੇ ਵਾਪਰੀ। ਮਿਸ਼ਨ ਦੇ ਪੂਰਬ ਵੱਲ ਸਥਿਤ ਲੌਹੀਡ ਹਾਈਵੇਅ ਅਤੇ ਨੌਰਥ ਡੈਰੋਸ਼ ਰੋਡ ਦੇ ਰੇਲ ਕਰਾਸਿੰਗ ’ਤੇ ਇੱਕ ਚਸ਼ਮਦੀਦ ਨੇ ਕਾਰ ਹਾਦਸੇ ਨੂੰ ਦੇਖਿਆ ਅਤੇ ਤੁਰੰਤ 911 ’ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਕਾਰ ਮੋੜ ਕੱਟਦੇ ਸਮੇਂ ਬੇਕਾਬੂ ਹੋ ਗਈ ਅਤੇ ਰੇਲਵੇ ਸਿਗਨਲ ਦੇ ਖੰਭੇ ਨਾਲ ਜਾ ਟਕਰਾਈ, ਜਿਸ ਕਾਰਨ ਉਹ ਸਿੱਧੀ ਰੇਲ ਪਟੜੀ ਦੇ ਵਿਚਕਾਰ ਫਸ ਗਈ।
ਕਾਰ ਨੂੰ ਕੋਕਿਟਲਮ ਦੀ ਰਹਿਣ ਵਾਲੀ ਇੱਕ 18 ਸਾਲਾ ਮੁਟਿਆਰ ਚਲਾ ਰਹੀ ਸੀ ਅਤੇ ਉਸ ਦੇ ਨਾਲ ਉਸ ਦੀ ਇੱਕ 18 ਸਾਲਾ ਸਹੇਲੀ ਵੀ ਸਵਾਰ ਸੀ। ਹਾਦਸੇ ਤੋਂ ਤੁਰੰਤ ਬਾਅਦ ਦੋਵੇਂ ਬਿਨਾਂ ਕਿਸੇ ਸੱਟ-ਚੋਟ ਦੇ ਸੁਰੱਖਿਅਤ ਕਾਰ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਈਆਂ। ਅਜੇ 911 ’ਤੇ ਫ਼ੋਨ ਕਾਲ ਚੱਲ ਰਹੀ ਸੀ ਅਤੇ ਘਟਨਾ ਨੂੰ ਇੱਕ ਮਿੰਟ ਤੋਂ ਥੋੜ੍ਹਾ ਜਿਹਾ ਵੱਧ ਸਮਾਂ ਹੀ ਹੋਇਆ ਸੀ ਕਿ ਪਟੜੀ ’ਤੇ ਇੱਕ ਤੇਜ਼ ਰਫ਼ਤਾਰ ਮਾਲ ਗੱਡੀ ਆ ਗਈ। ਰੇਲ ਗੱਡੀ ਨੇ ਪਟੜੀ ’ਤੇ ਫਸੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਕੁੜੀਆਂ ਦੇ ਪਹਿਲਾਂ ਹੀ ਬਾਹਰ ਨਿਕਲ ਜਾਣ ਕਾਰਨ ਇਸ ਦੂਜੇ ਹਾਦਸੇ ਵਿੱਚ ਵੀ ਕੋਈ ਜ਼ਖਮੀ ਨਹੀਂ ਹੋਇਆ। ਟੱਕਰ ਤੋਂ ਬਾਅਦ ਮਾਲ ਗੱਡੀ ਉੱਥੇ ਹੀ ਰੁਕ ਗਈ, ਜਿਸ ਕਾਰਨ ਪੂਰਾ ਰੇਲ ਕਰਾਸਿੰਗ ਅਤੇ ਹਾਈਵੇਅ ਜਾਮ ਹੋ ਗਿਆ। ਜਦੋਂ ਤੱਕ ਕਾਰ ਦੇ ਮਲਬੇ ਨੂੰ ਪਟੜੀ ਤੋਂ ਹਟਾਇਆ ਨਹੀਂ ਗਿਆ ਅਤੇ ਰੇਲ ਗੱਡੀ ਦੀ ਸੁਰੱਖਿਆ ਦੀ ਜਾਂਚ ਨਹੀਂ ਕਰ ਲਈ ਗਈ, ਉਦੋਂ ਤੱਕ ਰੇਲ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਰਕੇ ਹਾਈਵੇਅ ਕਈ ਘੰਟੇ ਬੰਦ ਰਿਹਾ।
ਮਿਸ਼ਨ ਆਰ.ਸੀ.ਐਮ.ਪੀ. ਨੇ ਇਸ ਘਟਨਾ ਦਾ ਹਵਾਲਾ ਦਿੰਦੇ ਹੋਏ ਲੋਕਾਂ ਨੂੰ ਰੇਲ ਪਟੜੀਆਂ ਦੇ ਆਲੇ-ਦੁਆਲੇ ਸਾਵਧਾਨ ਰਹਿਣ ਦੀ ਸਖ਼ਤ ਹਦਾਇਤ ਕੀਤੀ ਹੈ। ਪੁਲਿਸ ਨੇ ਕਿਹਾ ਕਿ ਜੇਕਰ ਕਦੇ ਵੀ ਕੋਈ ਵਾਹਨ ਰੇਲ ਕਰਾਸਿੰਗ ’ਤੇ ਫਸ ਜਾਂਦਾ ਹੈ, ਤਾਂ ਬਿਨਾਂ ਸਮਾਂ ਗਵਾਏ ਤੁਰੰਤ ਗੱਡੀ ਵਿੱਚੋਂ ਬਾਹਰ ਨਿਕਲੋ ਅਤੇ ਪਟੜੀ ਤੋਂ ਦੂਰ ਚਲੇ ਜਾਓ, ਕਿਉਂਕਿ ਰੇਲ ਗੱਡੀਆਂ ਨੂੰ ਅਚਾਨਕ ਰੋਕਣਾ ਅਸੰਭਵ ਹੁੰਦਾ ਹੈ।
Uncategorized
ਡੈਰੋਸ਼ ਵਿਖੇ ਰੇਲ ਪਟੜੀ ’ਤੇ ਫਸੀ ਕਾਰ ਨੂੰ ਮਾਲ ਗੱਡੀ ਨੇ ਮਾਰੀ ਜ਼ਬਰਦਸਤ ਟੱਕਰ; ਵਾਲ-ਵਾਲ ਬਚੀਆਂ ਦੋ ਨੌਜਵਾਨ ਕੁੜੀਆਂ, ਲੌਹੀਡ ਹਾਈਵੇਅ ਰਿਹਾ ਬੰਦ






