ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਦੀ ਦੋ ਘੰਟਿਆਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਦਿਲ ਜਿੱਤਿਆ
ਮਿਸ਼ਨ (ਬੀ.ਸੀ.) ਖੰਡੌਲੀ: ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਰੰਗਮੰਚ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਮਿਸ਼ਨ ਪੰਜ-ਆਬ ਕਲਚਰ ਕਲੱਬ ਵੱਲੋਂ ਕਰਵਾਏ ਗਏ ਚੌਥੇ ਸਲਾਨਾ ਫੰਡਰੇਜ਼ਰ ਦੌਰਾਨ ਪ੍ਰਸਿੱਧ ਪੰਜਾਬੀ ਨਾਟਕ ‘ਬੰਦੇ ਬਣੋ ਬੰਦੇ’ ਦਾ ਸਫਲ ਅਤੇ ਹਾਊਸਫੁੱਲ ਮੰਚਨ ਕੀਤਾ ਗਿਆ।
ਇਹ ਸਮਾਗਮ ਸ਼ਨੀਵਾਰ, 4 ਜੁਲਾਈ 2026 ਨੂੰ ਕਲਾਰਕ ਥੀਏਟਰ, ਮਿਸ਼ਨ ਵਿਖੇ ਕਰਵਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਪਰਿਵਾਰਾਂ, ਨੌਜਵਾਨਾਂ, ਕਲਾ ਪ੍ਰੇਮੀਆਂ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਮਸ਼ਹੂਰ ਪੰਜਾਬੀ ਅਦਾਕਾਰ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਵੱਲੋਂ ਪੇਸ਼ ਕੀਤਾ ਗਿਆ ਇਹ ਨਾਟਕ ਲਗਭਗ ਦੋ ਘੰਟੇ ਚੱਲਿਆ। ਕਲਾਕਾਰਾਂ ਨੇ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ, ਹਾਸ-ਵਿਅੰਗ, ਭਾਵਨਾਤਮਕ ਸੰਵਾਦਾਂ ਅਤੇ ਸਮਾਜਿਕ ਸੁਨੇਹੇ ਰਾਹੀਂ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਆਪਣੇ ਨਾਲ ਜੋੜੀ ਰੱਖਿਆ।
ਨਾਟਕ ਵਿੱਚ ਮਨੁੱਖੀ ਰਿਸ਼ਤਿਆਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਚੰਗਾ ਇਨਸਾਨ ਬਣਨ ਦੀ ਮਹੱਤਤਾ ਨੂੰ ਹਾਸੇ ਅਤੇ ਗੰਭੀਰਤਾ ਦੇ ਸੁੰਦਰ ਸੁਮੇਲ ਨਾਲ ਪੇਸ਼ ਕੀਤਾ ਗਿਆ। ਦਰਸ਼ਕਾਂ ਨੇ ਕਲਾਕਾਰਾਂ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਅਤੇ ਵਾਰ-ਵਾਰ ਤਾੜੀਆਂ ਨਾਲ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਪ੍ਰੋਗਰਾਮ ਦੌਰਾਨ ਥੀਏਟਰ ਪੂਰੀ ਤਰ੍ਹਾਂ ਭਰਿਆ ਰਿਹਾ ਅਤੇ ਸ਼ੋਅ ਹਾਊਸਫੁੱਲ ਹੋਣਾ ਪੰਜਾਬੀ ਰੰਗਮੰਚ ਪ੍ਰਤੀ ਭਾਈਚਾਰੇ ਦੇ ਪਿਆਰ ਅਤੇ ਉਤਸ਼ਾਹ ਦਾ ਪ੍ਰਮਾਣ ਬਣਿਆ। ਸਮਾਗਮ ਵਿੱਚ ਕਈ ਰਾਜਨੀਤਿਕ ਆਗੂਆਂ, ਸਮਾਜਿਕ ਕਾਰਕੁਨਾਂ, ਕਾਰੋਬਾਰੀ ਸ਼ਖ਼ਸੀਅਤਾਂ ਅਤੇ ਭਾਈਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।
ਮਿਸ਼ਨ ਪੰਜ-ਆਬ ਕਲਚਰ ਕਲੱਬ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਇਹ ਫੰਡਰੇਜ਼ਰ ਪੰਜਾਬੀ ਭਾਸ਼ਾ, ਵਿਰਸੇ ਅਤੇ ਰੰਗਮੰਚ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਉਪਰਾਲਾ ਹੈ। ਸਮਾਗਮ ਤੋਂ ਇਕੱਠੀ ਹੋਈ ਰਕਮ ਕਲੱਬ ਦੀਆਂ ਆਉਣ ਵਾਲੀਆਂ ਸੱਭਿਆਚਾਰਕ, ਸਮਾਜਿਕ ਅਤੇ ਭਾਈਚਾਰਕ ਗਤੀਵਿਧੀਆਂ ਲਈ ਵਰਤੀ ਜਾਵੇਗੀ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਨਾਟਕ ਦੇ ਕਲਾਕਾਰਾਂ, ਸਹਿਯੋਗੀਆਂ, ਸਪਾਂਸਰਾਂ, ਵਲੰਟੀਅਰਾਂ ਅਤੇ ਸਮੂਹ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਭਾਈਚਾਰੇ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਸੱਭਿਆਚਾਰਕ ਅਤੇ ਪਰਿਵਾਰਕ ਸਮਾਗਮ ਕਰਵਾਉਣ ਲਈ ਹੋਰ ਉਤਸ਼ਾਹਿਤ ਕੀਤਾ ਹੈ।






