ਐਬਟਸਫੋਰਡ (ਬੀ.ਸੀ.) – ਵਿਰਸਾ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ 10ਵਾਂ ਸਾਲਾਨਾ ‘ਮੇਲਾ ਵਿਰਸੇ ਦਾ’ ਹਰ ਪੱਖੋਂ ਕਾਮਯਾਬ ਰਿਹਾ। ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇ ਇਸ ਸੱਭਿਆਚਾਰਕ ਸਮਾਗਮ ਵਿੱਚ ਮਾਵਾਂ-ਭੈਣਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪੰਜਾਬੀ ਸੱਭਿਆਚਾਰ ਅਤੇ ਮਸ਼ਹੂਰ ਪੰਜਾਬੀ ਗਾਇਕਾਂ ਅਮਨ ਰੋਜੀ ਅਤੇ ਅਨਮੋਲ ਰਤਨ ਐਂਟਰਟੇਨਮੈਂਟ ਗਰੁੱਪ ਅਤੇ ਹੋਰ ਉੱਘੇ ਪੰਜਾਬੀ ਕਲਾਕਾਰ ਵੱਲੋਂ ਲੋਕ ਗੀਤਾਂ ਅਤੇ ਰਵਾਇਤੀ ਪੇਸ਼ਕਾਰੀਆਂ ਦਾ ਭਰਪੂਰ ਪ੍ਰੋਗਰਾਮ ਦਾ ਅਨੰਦ ਬੰਨ੍ਹਿਆ। ਸਮਾਗਮ ਦੌਰਾਨ ਪੂਰਾ ਹਾਲ ਹਾਊਸਫੁੱਲ ਰਿਹਾ ਅਤੇ ਦਰਸ਼ਕਾਂ ਦਾ ਉਤਸ਼ਾਹ ਦੇਖਣ ਨੂੰ ਬਣਦਾ ਸੀ।
ਮੇਲੇ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਹੋਰ ਵੀ ਰੰਗੀਨ ਬਣਾਇਆ। ਸੰਗੀਤ, ਗਿੱਧਾ, ਭੰਗੜਾ, ਚਰਖਾ, ਪਿੰਡ ਦੇ ਲਾਲੇ ਦੀ ਹੱਟੀ ਅਤੇ ਪੰਜਾਬੀ ਵਿਰਸੇ ਦੀਆਂ ਝਲਕੀਆਂ ਨੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਮੌਕੇ ਕਈ ਰਾਜਨੀਤਿਕ ਆਗੂਆਂ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕਰਕੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਸਮਾਗਮ ਦੇ ਅੰਤ ਵਿੱਚ ਵਿਰਸਾ ਫਾਊਂਡੇਸ਼ਨ ਦੇ ਪ੍ਰਬੰਧਕਾਂ ਵਿੱਚੋਂ ਧਰਮਵੀਰ ਧਾਲੀਵਾਲ ਨੇ ਮਾਵਾਂ-ਭੈਣਾਂ, ਕਲਾਕਾਰਾਂ, ਸਪਾਂਸਰਾਂ, ਸੇਵਾਦਾਰਾਂ, ਮਹਿਮਾਨਾਂ ਅਤੇ ਸਮੂਹ ਦਰਸ਼ਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਭਾਈਚਾਰੇ ਦੇ ਸਹਿਯੋਗ ਨਾਲ ਹੀ ਅਜਿਹੇ ਸੱਭਿਆਚਾਰਕ ਸਮਾਗਮ ਸਫਲ ਬਣਦੇ ਹਨ। ਉਨ੍ਹਾਂ ਨੇ ਭਵਿੱਖ ਵਿੱਚ ਵੀ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਉਪਰਾਲੇ ਜਾਰੀ ਰੱਖਣ ਦਾ ਵਿਸ਼ਵਾਸ ਪ੍ਰਗਟਾਇਆ।
