—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਦੱਖਣੀ ਏਸ਼ੀਆਈ ਵਿਰਾਸਤੀ ਅਜਾਇਬਘਰ ਦੀ ਸਥਾਪਨਾ ਵੱਲ ਵਧਿਆ ਅਹਿਮ ਕਦਮ, ਬੀ.ਸੀ. ਸਰਕਾਰ ਤੇ ਸਰੀ ਸ਼ਹਿਰ ਵਿਚਾਲੇ ਸਮਝੌਤਾ ਪੱਤਰ ’ਤੇ ਦਸਤਖ਼ਤ, ਥਾਂ ਦੀ ਚੋਣ ਅਤੇ ਭਾਈਚਾਰੇ ਨਾਲ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਹੋਵੇਗੀ ਤੇਜ਼

ਸਰੀ, — ਬ੍ਰਿਟਿਸ਼ ਕੋਲੰਬੀਆ ਵਿੱਚ ਦੱਖਣੀ ਏਸ਼ੀਆਈ ਮੂਲ ਦੇ ਕੈਨੇਡੀਅਨਾਂ ਦੇ ਇਤਿਹਾਸ, ਸੱਭਿਆਚਾਰ, ਪ੍ਰਾਪਤੀਆਂ ਅਤੇ ਸੂਬੇ ਦੇ ਵਿਕਾਸ ਵਿੱਚ ਪਾਏ ਵਡਮੁੱਲੇ ਯੋਗਦਾਨ ਨੂੰ ਸਮਰਪਿਤ ਸੂਬਾਈ ਅਜਾਇਬਘਰ ਦੀ ਸਥਾਪਨਾ ਵੱਲ ਇੱਕ ਹੋਰ ਅਹਿਮ ਕਦਮ ਪੁੱਟਿਆ ਗਿਆ ਹੈ। ਬੀ.ਸੀ. ਸਰਕਾਰ ਅਤੇ ਸਿਟੀ ਆਫ਼ ਸਰੀ ਨੇ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਇੱਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ। ਸਮਝੌਤੇ ਮੁਤਾਬਕ ਸੂਬਾ ਸਰਕਾਰ ਅਤੇ ਸਰੀ ਸ਼ਹਿਰ ਵੱਲੋਂ ਅਜਾਇਬਘਰ ਲਈ ਢੁਕਵੀਆਂ ਥਾਵਾਂ ਦੀ ਪਛਾਣ ਕਰਨ, ਲੋੜੀਂਦੇ ਸਹਿਯੋਗ ਦੇ ਵੱਖ-ਵੱਖ ਸਾਧਨਾਂ ਦੀ ਪੜਚੋਲ ਕਰਨ, ਭਾਈਚਾਰੇ ਨਾਲ ਹੋਰ ਵਿਚਾਰ-ਵਟਾਂਦਰਾ ਕਰਨ ਅਤੇ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਅਗਲੇ ਪੜਾਅ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਸੈਰ-ਸਪਾਟਾ, ਕਲਾ, ਸੱਭਿਆਚਾਰ ਅਤੇ ਖੇਡ ਮੰਤਰੀ ਐਨ ਕੈਂਗ ਨੇ ਕਿਹਾ ਕਿ ਦੱਖਣੀ ਏਸ਼ੀਆਈ ਵਿਰਾਸਤ ਨਾਲ ਸਬੰਧਤ ਕੈਨੇਡੀਅਨਾਂ ਨੇ ਕਈ ਪੀੜ੍ਹੀਆਂ ਤੋਂ ਬ੍ਰਿਟਿਸ਼ ਕੋਲੰਬੀਆ ਦੇ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਿਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਮੁਤਾਬਕ ਇਹ ਸਮਝੌਤਾ ਅਜਿਹਾ ਸਥਾਨ ਸਿਰਜਣ ਵੱਲ ਮਹੱਤਵਪੂਰਨ ਕਦਮ ਹੈ, ਜਿੱਥੇ ਲੋਕ ਦੱਖਣੀ ਏਸ਼ੀਆਈ ਭਾਈਚਾਰਿਆਂ ਦੀਆਂ ਕਹਾਣੀਆਂ, ਪ੍ਰਾਪਤੀਆਂ ਅਤੇ ਯੋਗਦਾਨ ਬਾਰੇ ਜਾਣ ਸਕਣ ਅਤੇ ਉਨ੍ਹਾਂ ਨਾਲ ਜੁੜ ਸਕਣ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਦੱਖਣੀ ਏਸ਼ੀਆਈ ਵਿਰਾਸਤ ਨੂੰ ਸਮਰਪਿਤ ਅਜਾਇਬਘਰ ਲਈ ਸਰੀ ਤੋਂ ਵਧੀਆ ਥਾਂ ਹੋਰ ਕੋਈ ਨਹੀਂ ਹੋ ਸਕਦੀ। ਸਰੀ ਦੀ ਲਗਭਗ 40 ਫ਼ੀਸਦੀ ਆਬਾਦੀ ਦੱਖਣੀ ਏਸ਼ੀਆਈ ਪਿਛੋਕੜ ਨਾਲ ਸਬੰਧਤ ਹੈ ਅਤੇ ਇਨ੍ਹਾਂ ਭਾਈਚਾਰਿਆਂ ਦੀਆਂ ਕਹਾਣੀਆਂ ਤੇ ਯੋਗਦਾਨਾਂ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਸਾਂਝਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਾਇਬਘਰ ਨੂੰ ਅੰਤਿਮ ਰੂਪ ਦੇਣ ਵਿੱਚ ਭਾਈਚਾਰੇ ਦੀ ਆਵਾਜ਼ ਅਤੇ ਭਾਗੀਦਾਰੀ ਬਹੁਤ ਮਹੱਤਵਪੂਰਨ ਰਹੇਗੀ।
ਸੂਬਾ ਸਰਕਾਰ ਵੱਲੋਂ ਇਸ ਅਜਾਇਬਘਰ ਸਬੰਧੀ 2024-25 ਦੌਰਾਨ ਇੱਕ ਸਾਲ ਲੰਬੀ ਜਨਤਕ ਵਿਚਾਰ-ਵਟਾਂਦਰਾ ਪ੍ਰਕਿਰਿਆ ਵੀ ਚਲਾਈ ਗਈ ਸੀ। ਇਸ ਦੌਰਾਨ ਸਰਵੇਖਣਾਂ, ਭਾਈਚਾਰਕ ਗੱਲਬਾਤਾਂ, ਨੌਜਵਾਨਾਂ ਨਾਲ ਵਿਚਾਰ-ਵਟਾਂਦਰੇ ਅਤੇ ਵੱਖ-ਵੱਖ ਸੰਸਥਾਵਾਂ, ਵਿਦਵਾਨਾਂ ਤੇ ਅਜਾਇਬਘਰ ਖੇਤਰ ਦੇ ਮਾਹਿਰਾਂ ਨਾਲ ਚਰਚਾ ਸਮੇਤ ਬ੍ਰਿਟਿਸ਼ ਕੋਲੰਬੀਆ ਭਰ ਵਿੱਚ 145 ਤੋਂ ਵੱਧ ਵਿਚਾਰ-ਵਟਾਂਦਰਾ ਸੈਸ਼ਨ ਕਰਵਾਏ ਗਏ। ਇਸ ਪ੍ਰਕਿਰਿਆ ਤੋਂ ਸਾਹਮਣੇ ਆਏ ਵਿਚਾਰਾਂ ਬਾਰੇ ਰਿਪੋਰਟ ਅਗਸਤ 2025 ਵਿੱਚ ਜਾਰੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਬੀ.ਸੀ. ਸਰਕਾਰ ਨੇ 2017 ਵਿੱਚ ਦੱਖਣੀ ਏਸ਼ੀਆਈ ਮੂਲ ਦੇ ਕੈਨੇਡੀਅਨਾਂ ਦੇ ਇਤਿਹਾਸ, ਸੱਭਿਆਚਾਰ, ਪ੍ਰਾਪਤੀਆਂ ਅਤੇ ਯੋਗਦਾਨ ਨੂੰ ਸਮਰਪਿਤ ਸੂਬਾਈ ਅਜਾਇਬਘਰ ਸਥਾਪਤ ਕਰਨ ਦੀ ਵਚਨਬੱਧਤਾ ਪ੍ਰਗਟਾਈ ਸੀ, ਜਿਸ ਦੀ ਸਾਲ 2020 ਵਿੱਚ ਮੁੜ ਪੁਸ਼ਟੀ ਕੀਤੀ ਗਈ। ਹੁਣ ਸਰੀ ਸ਼ਹਿਰ ਨਾਲ ਹੋਇਆ ਇਹ ਸਮਝੌਤਾ ਉਸ ਵਚਨਬੱਧਤਾ ਨੂੰ ਅਮਲੀ ਜਾਮਾ ਪਹਿਨਾਉਣ ਵੱਲ ਅਗਲਾ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma