·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਗ਼ਜ਼ਲ ਮੰਚ ਸਰੀ ਵੱਲੋਂ ਉੱਘੇ ਸੈਕਸੋਫੋਨ ਵਾਦਕ ਮਨਜੀਤ ਸਿੰਘ ਨਾਲ ਵਿਸ਼ੇਸ਼ ਰੂਬਰੂ

ਸਰੀ, 22 ਜੁਲਾਈ (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨ ਬਾਲੀਵੁੱਡ ਦੇ ਨਾਮਵਰ ਸੈਕਸੋਫੋਨ ਵਾਦਕ ਮਨਜੀਤ ਸਿੰਘ ਨਾਲ ਇੱਕ ਯਾਦਗਾਰੀ ਰੂਬਰੂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੰਗੀਤ ਪ੍ਰੇਮੀਆਂ ਨੇ ਉਨ੍ਹਾਂ ਦੇ ਜੀਵਨ ਸਫ਼ਰ ਨੂੰ ਨੇੜਿਓਂ ਜਾਣਿਆ ਅਤੇ ਉਨ੍ਹਾਂ ਦੀਆਂ ਸੁਰਮਈ ਪੇਸ਼ਕਾਰੀਆਂ ਦਾ ਵੀ ਭਰਪੂਰ ਆਨੰਦ ਮਾਣਿਆ। ਸਮਾਗਮ ਦੀ ਸ਼ੁਰੂਆਤ ਗ਼ਜ਼ਲ ਮੰਚ ਦੇ ਸੰਚਾਲਕ ਰਾਜਵੰਤ ਰਾਜ ਨੇ ਕੀਤੀ। ਉਨ੍ਹਾਂ ਨੇ ਮੰਚ ਦੇ ਮੈਂਬਰਾਂ, ਮਹਿਮਾਨਾਂ ਅਤੇ ਸੰਗੀਤ ਪ੍ਰੇਮੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਰੂਬਰੂ ਪ੍ਰੋਗਰਾਮ ਕਲਾ ਅਤੇ ਕਲਾਕਾਰ ਵਿਚਕਾਰ ਸਿੱਧਾ ਸੰਵਾਦ ਸਥਾਪਤ ਕਰਨ ਦਾ ਸੁੰਦਰ ਮਾਧਿਅਮ ਹਨ।

ਆਪਣੇ ਸੰਬੋਧਨ ਦੌਰਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜੱਦੀ ਸਬੰਧ ਜਲੰਧਰ ਨਾਲ ਹੈ ਅਤੇ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਸੰਗੀਤ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਬਣ ਜਾਵੇਗਾ। ਸੈਕਸੋਫੋਨ ਨਾਲ ਉਨ੍ਹਾਂ ਦੀ ਜਾਣ-ਪਛਾਣ ਇੱਕ ਇਤਫ਼ਾਕ ਵਜੋਂ ਹੋਈ। ਸ਼ੁਰੂ ਵਿੱਚ ਇਹ ਸਿਰਫ਼ ਇੱਕ ਸ਼ੌਕ ਸੀ ਪਰ ਹੌਲੀ-ਹੌਲੀ ਇਹ ਸ਼ੌਕ ਸਾਧਨਾ ਵਿੱਚ ਬਦਲ ਗਿਆ ਅਤੇ ਫਿਰ ਇਹੀ ਉਨ੍ਹਾਂ ਦੀ ਪਹਿਚਾਣ ਬਣ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਗੀਤ ਦੀ ਕੋਈ ਵਿਧੀਵਤ ਸਿੱਖਿਆ ਪ੍ਰਾਪਤ ਨਹੀਂ ਕੀਤੀ, ਸਗੋਂ ਮਹਾਨ ਸੰਗੀਤਕਾਰਾਂ ਅਤੇ ਉਸਤਾਦਾਂ ਨੂੰ ਸੁਣ-ਸੁਣ ਕੇ ਆਪਣੇ ਆਪ ਨੂੰ ਤਿਆਰ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਇਨਸਾਨ ਦੇ ਅੰਦਰ ਸੰਗੀਤ ਲਈ ਸੱਚਾ ਜਨੂੰਨ ਹੋਵੇ, ਉਹ ਡਿਗਰੀਆਂ ਨਾਲੋਂ ਵੀ ਵੱਡਾ ਕਲਾਕਾਰ ਬਣ ਸਕਦਾ ਹੈ ਕਿਉਂਕਿ ਅਸਲ ਕਲਾ ਰੂਹ ਦੀ ਗਹਿਰਾਈ ਅਤੇ ਨਿਰੰਤਰ ਰਿਆਜ਼ ‘ਚੋਂ ਜਨਮ ਲੈਂਦੀ ਹੈ।

ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਸੰਗੀਤ ਕਦੇ ਵੀ ਕੇਵਲ ਰੋਜ਼ੀ-ਰੋਟੀ ਦਾ ਸਾਧਨ ਨਹੀਂ ਰਿਹਾ। ਇਹ ਉਨ੍ਹਾਂ ਦੀ ਸਾਧਨਾ, ਉਨ੍ਹਾਂ ਦਾ ਜਨੂੰਨ ਅਤੇ ਉਨ੍ਹਾਂ ਦੀ ਰੂਹ ਦੀ ਆਵਾਜ਼ ਹੈ। ਜਦੋਂ ਕਲਾਕਾਰ ਆਪਣੀ ਕਲਾ ਨੂੰ ਪੈਸੇ ਦੀ ਥਾਂ ਪਿਆਰ ਅਤੇ ਸਮਰਪਣ ਨਾਲ ਅਪਣਾਉਂਦਾ ਹੈ ਤਾਂ ਉਸ ਦੀ ਪੇਸ਼ਕਾਰੀ ਸਿੱਧੀ ਸਰੋਤਿਆਂ ਦੇ ਦਿਲਾਂ ਤੱਕ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਉਹ ਕਈ ਪ੍ਰੋਗਰਾਮ ਸਿਰਫ਼ ਸੰਗੀਤ ਪ੍ਰੇਮੀਆਂ ਦੇ ਸੱਦੇ ਅਤੇ ਆਪਣੇ ਅੰਦਰਲੇ ਸੰਤੋਖ ਲਈ ਕਰਦੇ ਹਨ ਜਦਕਿ ਪੇਸ਼ੇਵਰ ਸਮਾਗਮਾਂ ਵਿੱਚ ਮਾਰਕੀਟ ਦੇ ਨਿਯਮਾਂ ਅਨੁਸਾਰ ਕੰਮ ਕਰਦੇ ਹਨ।

Apna Customs

ਮਨਜੀਤ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਵੀ ਵਾਦਕ ਜਾਂ ਗਾਇਕ ਲਈ ਦੋ ਗੱਲਾਂ ਸਭ ਤੋਂ ਵੱਧ ਮਹੱਤਵਪੂਰਨ ਹਨ – ਆਪਣੇ ਸਾਜ਼ ਜਾਂ ਆਵਾਜ਼ ‘ਤੇ ਪੂਰੀ ਤਕਨੀਕੀ ਪਕੜ ਅਤੇ ਸੰਗੀਤ ਦੀ ਡੂੰਘੀ ਸਮਝ। ਉਨ੍ਹਾਂ ਕਿਹਾ ਕਿ ਸਾਜ਼ ਨੂੰ ਵਜਾਉਣਾ ਤਾਂ ਸਿੱਖਿਆ ਜਾ ਸਕਦਾ ਹੈ ਪਰ ਉਸ ਵਿੱਚ ਰੂਹ ਫੂਕਣ ਲਈ ਸੰਗੀਤ ਨੂੰ ਮਹਿਸੂਸ ਕਰਨਾ ਪੈਂਦਾ ਹੈ। ਜਦੋਂ ਤਕਨੀਕ, ਰਿਆਜ਼ ਅਤੇ ਅੰਦਰਲੀ ਸੰਵੇਦਨਾ ਇੱਕ ਹੋ ਜਾਂਦੇ ਹਨ ਤਾਂ ਹੀ ਅਸਲ ਕਲਾਕਾਰ ਜਨਮ ਲੈਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸੰਗੀਤ ਸਿਰਫ਼ ਉਂਗਲਾਂ ਦਾ ਨਹੀਂ ਸਗੋਂ ਦਿਮਾਗ ਅਤੇ ਦਿਲ ਦਾ ਵੀ ਸਫ਼ਰ ਹੈ।

ਰੂਬਰੂ ਗੱਲਬਾਤ ਤੋਂ ਬਾਅਦ ਮਨਜੀਤ ਸਿੰਘ ਨੇ ਆਪਣੇ ਸੈਕਸੋਫੋਨ ਦੀਆਂ ਮਧੁਰ ਸੁਰ-ਲਹਿਰਾਂ ਨਾਲ ਸਮੁੱਚੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਉਨ੍ਹਾਂ ਨੇ ਮੁਹੰਮਦ ਰਫ਼ੀ, ਮੰਨਾ ਡੇ, ਐਸ. ਡੀ. ਬਰਮਨ, ਕਿਸ਼ੋਰ ਕੁਮਾਰ, ਮਹਿੰਦਰ ਕਪੂਰ ਅਤੇ ਲਤਾ ਮੰਗੇਸ਼ਕਰ ਦੇ ਅਨੇਕਾਂ ਸਦਾਬਹਾਰ ਮਧੁਰ ਗੀਤ ਸੈਕਸੋਫੋਨ ‘ਤੇ ਇਸ ਅੰਦਾਜ਼ ਵਿੱਚ ਪੇਸ਼ ਕੀਤੇ ਕਿ ਸਰੋਤੇ ਇੱਕ ਵਾਰ ਫਿਰ ਸੁਨਹਿਰੀ ਸੰਗੀਤਕ ਦੌਰ ਵਿੱਚ ਪਰਤਦੇ ਮਹਿਸੂਸ ਹੋਏ। ਉਨ੍ਹਾਂ ਦੀ ਦਿਲਕਸ਼ ਪੇਸ਼ਕਾਰੀ ਨੂੰ ਹਾਜ਼ਰੀਨ ਨੇ ਵਾਹ ਵਾਹ ਅਲਾਪਦਿਆਂ ਤਾੜੀਆਂ ਨਾਲ ਭਰਪੂਰ ਦਾਦ ਦਿੱਤੀ।

ਸਮਾਗਮ ਦੇ ਅੰਤ ਵਿੱਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਇੰਦਰਜੀਤ ਧਾਮੀ, ਹਰਦਮ ਮਾਨ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਭੁਪਿੰਦਰ ਮੱਲ੍ਹੀ ਅਤੇ ਰਿੱਕੀ ਬਾਜਵਾ ਨੇ ਮਨਜੀਤ ਸਿੰਘ ਦੀ ਵਿਲੱਖਣ ਕਲਾਕਾਰੀ, ਸੈਕਸੋਫੋਨ ‘ਤੇ ਉਨ੍ਹਾਂ ਦੀ ਬੇਮਿਸਾਲ ਮੁਹਾਰਤ ਅਤੇ ਗੀਤਾਂ ਦੀ ਸੁਚੱਜੀ ਚੋਣ ਦੀ ਭਰਪੂਰ ਸ਼ਲਾਘਾ ਕੀਤੀ। ਗ਼ਜ਼ਲ ਮੰਚ ਵੱਲੋਂ ਮਨਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਧਾਨ ਜਸਵਿੰਦਰ ਨੇ ਮਨਜੀਤ ਸਿੰਘ ਅਤੇ ਹਾਜਰ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law