ਮਿਸ਼ਨ, ਬੀ.ਸੀ. (ਨਿਊਜ਼ ਡੈਸਕ): ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸ਼ਹਿਰ ਵਿੱਚ ਰਾਤ ਸਮੇਂ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਇੱਕ 36 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਮਿਸ਼ਨ ਆਰਸੀਐਮਪੀ ਅਨੁਸਾਰ ਪਹਿਲੀ ਘਟਨਾ ਰਾਤ ਕਰੀਬ 12:20 ਵਜੇ ਸਟੇਵ ਲੇਕ ਸਟਰੀਟ ਅਤੇ ਥਰਡ ਐਵੇਨਿਊ ਦੇ ਚੌਰਾਹੇ ’ਤੇ ਵਾਪਰੀ। ਇੱਕ ਚਸ਼ਮਦੀਦ ਨੇ ਪੁਲਿਸ ਨੂੰ ਫ਼ੋਨ ਕਰਕੇ ਦੱਸਿਆ ਕਿ ਸੜਕ ’ਤੇ ਇੱਕ ਵਿਅਕਤੀ ਪਿਆ ਹੋਇਆ ਹੈ, ਜੋ ਸੁੱਤਾ ਹੋਇਆ ਜਾਪਦਾ ਹੈ। ਚਸ਼ਮਦੀਦ ਹਾਲੇ ਪੁਲਿਸ ਨਾਲ ਗੱਲ ਕਰ ਹੀ ਰਿਹਾ ਸੀ ਕਿ ਇੱਕ ਪਿਕਅੱਪ ਟਰੱਕ ਉਸ ਵਿਅਕਤੀ ਉੱਪਰੋਂ ਲੰਘ ਗਿਆ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ 36 ਸਾਲਾ ਵਿਅਕਤੀ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਸਟੇਵ ਲੇਕ ਸਟਰੀਟ ਨੂੰ ਕਾਫ਼ੀ ਸਮੇਂ ਲਈ ਬੰਦ ਰੱਖਿਆ। ਇੰਟੀਗ੍ਰੇਟਿਡ ਕੋਲੀਜ਼ਨ ਐਨਾਲਿਸਿਸ ਐਂਡ ਰੀਕੰਸਟ?ਰਕਸ਼ਨ ਸਰਵਿਸ ਅਤੇ ਮਿਸ਼ਨ ਆਰਸੀਐਮਪੀ ਦੀ ਟ?ਰੈਫਿਕ ਸਰਵਿਸਿਜ਼ ਟੀਮ ਨੇ ਮੌਕੇ ’ਤੇ ਜਾਂਚ ਕੀਤੀ।
ਜਾਂਚ ਦੌਰਾਨ ਪੁਲਿਸ ਨੂੰ ਇਲਾਕੇ ਵਿੱਚ ਇੱਕ ਅਜਿਹਾ ਪਿਕਅੱਪ ਟਰੱਕ ਦਿਖਾਈ ਦਿੱਤਾ, ਜਿਸ ਦਾ ਹੁਲੀਆ ਹਾਦਸੇ ਵਿੱਚ ਸ਼ਾਮਲ ਵਾਹਨ ਨਾਲ ਮਿਲਦਾ ਸੀ। ਪੁਲਿਸ ਨੇ ਟਰੱਕ ਰੋਕ ਕੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵਾਹਨ ਨੂੰ ਅਗਲੀ ਜਾਂਚ ਲਈ ਕਬਜ਼ੇ ਵਿੱਚ ਲੈ ਲਿਆ।
ਦੂਜੀ ਘਟਨਾ ਰਾਤ ਕਰੀਬ 2 ਵਜੇ ਤੋਂ ਕੁਝ ਸਮਾਂ ਪਹਿਲਾਂ ਲੌਹੀਡ ਹਾਈਵੇਅ ’ਤੇ ਨੈਲਸਨ ਸਟਰੀਟ ਦੇ ਪੱਛਮ ਵੱਲ ਵਾਪਰੀ। ਪੂਰਬ ਦਿਸ਼ਾ ਵੱਲ ਜਾ ਰਹੇ ਇੱਕ ਵਾਹਨ ਨੇ ਉਸੇ ਦਿਸ਼ਾ ਵਿੱਚ ਸੜਕ ਦੀ ਸੱਜੀ ਲੇਨ ਵਿੱਚ ਜਾ ਰਹੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਮੁੱਢਲੀ ਜਾਣਕਾਰੀ ਅਨੁਸਾਰ ਸਾਈਕਲ ’ਤੇ ਲਾਈਟਾਂ ਨਹੀਂ ਲੱਗੀਆਂ ਹੋਈਆਂ ਸਨ। ਵਾਹਨ ਚਾਲਕ ਨੇ ਤੁਰੰਤ ਰੁਕ ਕੇ 911 ’ਤੇ ਫ਼ੋਨ ਕੀਤਾ, ਪਰ ਸਾਈਕਲ ਸਵਾਰ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਦੋਵਾਂ ਘਟਨਾਵਾਂ ਦੇ ਚਸ਼ਮਦੀਦਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਮਿਸ਼ਨ ਆਰਸੀਐਮਪੀ ਨਾਲ 604-826-7161 ’ਤੇ ਸੰਪਰਕ ਕਰਨ। ਪੈਦਲ ਵਿਅਕਤੀ ਨਾਲ ਵਾਪਰੇ ਹਾਦਸੇ ਦਾ ਫਾਈਲ ਨੰਬਰ 2026-15133 ਅਤੇ ਸਾਈਕਲ ਸਵਾਰ ਦੀ ਮੌਤ ਵਾਲੇ ਮਾਮਲੇ ਦਾ ਫਾਈਲ ਨੰਬਰ 2026-15137 ਹੈ।
ਆਰਸੀਐਮਪੀ ਨੇ ਕਿਹਾ ਕਿ ਸਰਦੀਆਂ ਦੌਰਾਨ ਰਾਤਾਂ ਲੰਮੀਆਂ ਹੋਣ ਕਾਰਨ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਨੂੰ ਆਪਣੀ ਦਿੱਖ ਯਕੀਨੀ ਬਣਾਉਣ ਲਈ ਰਿਫਲੈਕਟਿਵ ਕੱਪੜਿਆਂ ਅਤੇ ਲਾਈਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਵਾਹਨ ਚਾਲਕਾਂ ਨੂੰ ਘੱਟ ਰੌਸ਼ਨੀ ਵਾਲੀਆਂ ਸੜਕਾਂ, ਚੌਰਾਹਿਆਂ ਅਤੇ ਪੈਦਲ ਲਾਂਘਿਆਂ ਨੇੜੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਕੈਨੇਡਾ
ਮਿਸ਼ਨ ਵਿੱਚ ਰਾਤ ਸਮੇਂ ਦੋ ਭਿਆਨਕ ਸੜਕ ਹਾਦਸੇ, ਸਾਈਕਲ ਸਵਾਰ ਦੀ ਮੌਤ, ਪੈਦਲ ਵਿਅਕਤੀ ਗੰਭੀਰ ਜ਼ਖ਼ਮੀ




