ਮੈਚੋਸਿਨ, ਬ੍ਰਿਟਿਸ਼ ਕੋਲੰਬੀਆ (ਨਿਊਜ਼ ਡੈਸਕ): ਵੈਸਟ ਸ਼ੋਰ ਆਰਸੀਐੱਮਪੀ ਵੱਲੋਂ ਪਿਛਲੇ ਮਹੀਨੇ ਮੈਚੋਸਿਨ ਵਿੱਚ ਕਰਵਾਈ ਗਈ ਟਾਊਨ ਹਾਲ ਮੀਟਿੰਗ ਦੌਰਾਨ ਸਥਾਨਕ ਨਿਵਾਸੀਆਂ ਨੇ ਪੁਲਿਸ ਸੇਵਾਵਾਂ, ਸੁਰੱਖਿਆ ਪ੍ਰਬੰਧਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਕਈ ਅਹਿਮ ਸਵਾਲ ਪੁੱਛੇ। ਪੁਲਿਸ ਅਧਿਕਾਰੀਆਂ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਭਾਈਚਾਰੇ ਨਾਲ ਤਾਲਮੇਲ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ।
ਆਰਸੀਐੱਮਪੀ ਅਨੁਸਾਰ ਵੈਸਟ ਸ਼ੋਰ ਬ੍ਰਿਟਿਸ਼ ਕੋਲੰਬੀਆ ਦੇ ਤੇਜ਼ੀ ਨਾਲ ਵਿਕਾਸ ਕਰ ਰਹੇ ਖੇਤਰਾਂ ਵਿੱਚੋਂ ਇੱਕ ਹੈ। ਸਾਲ 2026 ਦੇ ਅੰਕੜਿਆਂ ਮੁਤਾਬਕ ਇੱਥੇ 125 ਪੁਲਿਸ ਅਧਿਕਾਰੀ, 58 ਮਿਊਂਸਪਲ ਕਰਮਚਾਰੀ, ਇੱਕ ਪਬਲਿਕ ਸਰਵਿਸ ਕਰਮਚਾਰੀ, ਇੱਕ ਸਿਵਲੀਅਨ ਮੈਂਬਰ, 9 ਕਮਿਸ਼ਨਰਜ਼ ਅਤੇ 2 ਰਿਜ਼ਰਵ ਕਾਂਸਟੇਬਲ ਤਾਇਨਾਤ ਹਨ। ਮੀਟਿੰਗ ਦੌਰਾਨ ਪੁਲਿਸ ਦੀ ਨਵੀਂ ਇਮਾਰਤ ਬਾਰੇ ਦੱਸਿਆ ਗਿਆ ਕਿ ਮੌਜੂਦਾ ਇਮਾਰਤਾਂ ਵਿੱਚ ਜਗ?ਹਾ ਦੀ ਘਾਟ ਕਾਰਨ ਆਧੁਨਿਕ ਡਿਟੈਚਮੈਂਟ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ। ਲਗਭਗ ਤਿੰਨ ਸਾਲਾਂ ਵਿੱਚ ਮੁਕੰਮਲ ਹੋਣ ਵਾਲਾ ਇਹ ਪ੍ਰਾਜੈਕਟ ਪੁਲਿਸ ਦੀ ਕਾਰਜਕੁਸ਼ਲਤਾ ਅਤੇ ਲੋਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਵਿੱਚ ਸੁਧਾਰ ਲਿਆਵੇਗਾ। ਪੁਲਿਸ ਨੇ ਦੱਸਿਆ ਕਿ ਜਨਵਰੀ ਤੋਂ ਸਤੰਬਰ 2026 ਤੱਕ ਮੈਚੋਸਿਨ ਵਿੱਚ 63 ਵਿਸ਼ੇਸ਼ ਟਰੈਫਿਕ ਗਸ਼ਤਾਂ ਕੀਤੀਆਂ ਗਈਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 96 ਚਲਾਨ ਜਾਰੀ ਕੀਤੇ ਗਏ। ਵੈਸਟ ਸ਼ੋਰ ਆਰਸੀਐੱਮਪੀ ਮੈਚੋਸਿਨ ਸਮੇਤ ਲੈਂਗਫੋਰਡ, ਕੋਲਵੁੱਡ, ਹਾਈਲੈਂਡਜ਼, ਵਿਊ ਰਾਇਲ ਅਤੇ ਹੋਰ ਭਾਈਚਾਰਿਆਂ ਵਿੱਚ ਪੁਲਿਸ ਸੇਵਾਵਾਂ ਪ੍ਰਦਾਨ ਕਰਦੀ ਹੈ। ਨੌਜਵਾਨਾਂ ਦੀ ਸੁਰੱਖਿਆ ਬਾਰੇ ਪੁਲਿਸ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਨਿਯਮਿਤ ਗੱਲਬਾਤ ਕਰਨ, ਉਨ੍ਹਾਂ ਦੀਆਂ ਆਨਲਾਈਨ ਗਤੀਵਿਧੀਆਂ ਪ੍ਰਤੀ ਸੁਚੇਤ ਰਹਿਣ ਅਤੇ ਦੋਸਤਾਂ ਬਾਰੇ ਜਾਣਕਾਰੀ ਰੱਖਣ ਦੀ ਸਲਾਹ ਦਿੱਤੀ। ਪੁਲਿਸ ਵਿੱਚ ਭਰਤੀ ਹੋਣ ਦੇ ਇੱਛੁਕ ਨੌਜਵਾਨਾਂ ਨੂੰ ਸਮਾਜ ਸੇਵਾ, ਸੰਚਾਰ ਹੁਨਰ, ਸਰੀਰਕ ਤੰਦਰੁਸਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਤਜਰਬਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਪੁਲਿਸ ਨੇ ਸਪੱਸ਼ਟ ਕੀਤਾ ਕਿ ਐਮਰਜੈਂਸੀ ਹਾਲਾਤ ਵਿੱਚ 911 ’ਤੇ ਸੰਪਰਕ ਕੀਤਾ ਜਾਵੇ, ਜਦਕਿ ਗੈਰ-ਐਮਰਜੈਂਸੀ ਮਾਮਲਿਆਂ ਲਈ ਵੈਸਟ ਸ਼ੋਰ ਆਰਸੀਐੱਮਪੀ ਦੇ ਨੰਬਰ 250-474-2264 ’ਤੇ ਫੋਨ ਕੀਤਾ ਜਾ ਸਕਦਾ ਹੈ।
Uncategorized
ਵੈਸਟ ਸ਼ੋਰ ਆਰਸੀਐਮਪੀ ਦੀ ਟਾਊਨ ਹਾਲ ਮੀਟਿੰਗ ’ਚ ਲੋਕਾਂ ਦੇ ਸਵਾਲਾਂ ਦੇ ਦਿੱਤੇ ਜਵਾਬ




