—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਦੀਆਂ ਖ਼ਬਰਾਂ

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸਰੀ, (ਹਰਦਮ ਮਾਨ)- ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਦੀ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ, ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ, ਕਥਾ-ਵਿਚਾਰ, ਧਾਰਮਿਕ ਸਮਾਗਮ ਅਤੇ ਗੁਰੂ ਕਾ ਲੰਗਰ ਰਾਹੀਂ ਸੰਗਤਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੁੜਦਿਆਂ ਅਧਿਆਤਮਿਕ ਆਨੰਦ ਮਾਣਿਆ। ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਵੇਰ ਤੋਂ ਸ਼ਾਮ ਤੱਕ ਗੁਰਬਾਣੀ ਕੀਰਤਨ ਅਤੇ ਕਥਾ-ਵਿਚਾਰ ਦਾ ਪ੍ਰਵਾਹ ਚੱਲਦਾ ਰਿਹਾ। ਕੰਮਕਾਜੀ ਦਿਨ ਹੋਣ ਦੇ ਬਾਵਜੂਦ ਸੰਗਤਾਂ ਵੱਡੀ ਗਿਣਤੀ ਵਿੱਚ ਦਰਬਾਰ ਹਾਲ ਵਿਖੇ ਪਹੁੰਚੀਆਂ ਅਤੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਰਾਗੀ ਜਥਿਆਂ ਭਾਈ ਸਵਰਨਜੀਤ ਸਿੰਘ ਪਟਿਆਲਾ ਵਾਲੇ ਅਤੇ ਭਾਈ ਇਕਬਾਲ ਸਿੰਘ ਲੁਧਿਆਣੇ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਅਤੇ ਉਨ੍ਹਾਂ ਦੇ ਸਰਬ-ਸਾਂਝੇ ਸੰਦੇਸ਼ ਨੂੰ “ਸਿੱਖ ਧਰਮ ਦੇ ਬਾਨੀ, ਜਾਹਰ ਪੀਰ ਜਗਤ ਗੁਰ ਬਾਬਾ”, “ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ”, “ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਢੋਆ”, “ਸਾ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰੂ ਬੈਠਾ ਆਇ” ਅਤੇ “ਆਪਿ ਨਰਾਇਣ ਕਲਾਧਾਰ ਜਗ ਮਹਿ ਪਰਵਰਿਓ” ਵਰਗੇ ਅਨੇਕਾਂ ਸ਼ਬਦਾਂ ਰਾਹੀਂ ਗੁਣਗਾਨ ਕੀਤਾ ਗਿਆ। ਗਿਆਨੀ ਕੁਲਵੰਤ ਸਿੰਘ ਅਤੇ ਗਿਆਨੀ ਸਤਵਿੰਦਰਪਾਲ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਅਹਿਮ ਘਟਨਾਵਾਂ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਸੰਗਤ ਨੂੰ ਪ੍ਰੇਰਿਤ ਕੀਤਾ। ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ, ਬਰਾਬਰਤਾ, ਸਾਂਝੀਵਾਲਤਾ, ਸੱਚ, ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਅੱਜ ਦੇ ਸਮੇਂ ਵਿੱਚ ਅਪਣਾਉਣ ਦੀ ਮਹੱਤਤਾ ਉਭਾਰੀ ਗਈ।

ਗੁਰਦੁਆਰਾ ਸਾਹਿਬ ਦੀਆਂ ਸੇਵਾਦਾਰ ਬੀਬੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਪੰਜਾਬੀ ਸਕੂਲ ਦੇ ਵਿਦਿਆਰਥੀਆਂ ਅਤੇ ਕੀਰਤਨ ਕਲਾਸ ਦੇ ਬੱਚਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖ ਧਰਮ ਬਾਰੇ ਸਾਖੀਆਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ। ਕੁਝ ਬੱਚਿਆਂ ਨੇ ਪਹਿਲੀ ਅਤੇ ਗਿਆਰ੍ਹਵੀਂ ਪੌੜੀ ਦਾ ਪਾਠ ਅਤੇ ਪੰਜਾਬੀ ਵਿੱਚ ਲਿਖੀ ਵਾਰਤਾ ਪੜ੍ਹ ਕੇ ਸੰਗਤ ਨਾਲ ਸਾਂਝੀ ਕੀਤੀ। ਬੱਚਿਆਂ ਵੱਲੋਂ ਸਟੇਜ ਉੱਤੇ ਬੈਠ ਕੇ ਮੂਲ ਮੰਤਰ ਦਾ ਜਾਪ ਕਰਨ ਨਾਲ ਉਨ੍ਹਾਂ ਦਾ ਉਤਸ਼ਾਹ ਹੋਰ ਵਧਿਆ ਅਤੇ ਸਮਾਗਮ ਨੂੰ ਵਿਸ਼ੇਸ਼ ਰੰਗ ਮਿਲਿਆ।

ਦਵਿੰਦਰ ਕੌਰ ਚਾਨਾ ਅਤੇ ਕੀਰਤਨ ਕਲਾਸ ਪ੍ਰਬੰਧਕ ਪ੍ਰਮਜੀਤ ਕੌਰ ਜੱਬਲ ਦੀ ਦੇਖ-ਰੇਖ ਹੇਠ ਚੱਲ ਰਹੇ ਪੰਜਾਬੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਕੀਰਤਨ ਦੀ ਸਿੱਖਿਆ ਪ੍ਰਾਪਤ ਕਰਨ ਲਈ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਚੱਲ ਰਹੀਆਂ ਕਲਾਸਾਂ ਵਿੱਚ ਭੇਜਣ ਤਾਂ ਜੋ ਬੱਚੇ ਆਪਣੀ ਮਾਂ-ਬੋਲੀ, ਧਾਰਮਿਕ ਵਿਰਾਸਤ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ। ਸਕੂਲੀ ਬੱਚਿਆਂ ਦੇ ਪ੍ਰੋਗਰਾਮ ਉਪਰੰਤ ਪਰਮਜੀਤ ਕੌਰ ਜੱਬਲ ਅਤੇ ਸੁਰਿੰਦਰ ਸਿੰਘ ਜੱਬਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਵਿਤਾਵਾਂ ਸੰਗਤ ਨਾਲ ਸਾਂਝੀਆਂ ਕੀਤੀਆਂ। ਇਸ ਤੋਂ ਬਾਅਦ ਸੰਗਤ ਨੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਿਠਾਈਆਂ, ਕੇਕ ਅਤੇ ਗੁਰੂ ਕਾ ਲੰਗਰ ਛਕ ਕੇ ਸਾਂਝੀਆਂ ਕੀਤੀਆਂ। ਸੇਵਾਦਾਰ ਬੀਬੀਆਂ ਵੱਲੋਂ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ, ਜਿਨ੍ਹਾਂ ਦਾ ਸੰਗਤ ਨੇ ਭਰਪੂਰ ਆਨੰਦ ਮਾਣਿਆ।

Apna Customs

ਸਮਾਗਮ ਦੌਰਾਨ ਲੰਗਰ ਦੀ ਤਿਆਰੀ ਅਤੇ ਵਰਤਾਉਣ ਦੀ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ, ਭਾਈਆਂ ਅਤੇ ਬੀਬੀਆਂ ਦਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸ਼ਾਇਰ ਹਰਦਮ ਸਿੰਘ ਮਾਨ ਵੱਲੋਂ ਇਸ ਮੌਕੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਨੂੰ ਸੰਗਤ ਨੇ ਉਤਸ਼ਾਹ ਨਾਲ ਦੇਖਿਆ। ਇਸੇ ਲੜੀ ਤਹਿਤ ਅਗਲੇ ਹਫ਼ਤੇ 27 ਨਵੰਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 29 ਨਵੰਬਰ, ਐਤਵਾਰ ਨੂੰ ਭੋਗ ਉਪਰੰਤ ਕੀਰਤਨ, ਗੁਰਮਤਿ ਸਮਾਗਮ ਅਤੇ ਗੁਰੂ ਕਾ ਲੰਗਰ ਹੋਵੇਗਾ। ਇਸ ਸਮਾਗਮ ਦੀ ਸੇਵਾ ਲਾਂਗਸ਼ੋਰਮੈਨ ਵਰਕਰਜ਼ ਅਤੇ ਸਹਿਯੋਗੀਆਂ ਵੱਲੋਂ ਨਿਭਾਈ ਜਾਵੇਗੀ।

—

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

ਫੋਨ: +1 604 308 6663

ਈਮੇਲ : maanbabushahi@gmail.com

Navneet Sharma

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma