ਸਰੀ, ਬੀ.ਸੀ. (7 ਜੁਲਾਈ, 2026): ਸਰੀ ਦੀ ਮੇਅਰ ਬਰੈਂਡਾ ਲਾਕ ਨੇ ਮੇਅਰ ਵਜੋਂ ਆਪਣੇ ਸਿਰਫ਼ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇੱਕ ਅਨੋਖਾ ਅਤੇ ਦੁਰਲੱਭ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਸਰੀ ਦੇ ਇਤਿਹਾਸ ਵਿੱਚ ਪਹਿਲੀ ਅਜਿਹੀ ਮੇਅਰ ਬਣ ਗਈ ਹੈ ਜਿਸ ਦੀ ਕਮਾਈ 10 ਲੱਖ ਡਾਲਰ (1 ਮਿਲੀਅਨ) ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਮਿਲੇ ਅੰਕੜਿਆਂ ਮੁਤਾਬਕ, ਬਰੈਂਡਾ ਲਾਕ ਨੇ ਸਰੀ ਸਿਟੀ, ਮੈਟਰੋ ਵੈਨਕੂਵਰ ਅਤੇ ਟਰਾਂਸਲਿੰਕ ਮੇਅਰਜ਼ ਕੌਂਸਲ ਤੋਂ ਤਨਖਾਹ, ਖਰਚੇ, ਲਾਭ, ਭੱਤੇ ਅਤੇ ਮੀਟਿੰਗਾਂ ਦੀਆਂ ਫੀਸਾਂ ਦੇ ਰੂਪ ਵਿੱਚ ਕੁੱਲ $1,038,000 (10 ਲੱਖ 38 ਹਜ਼ਾਰ ਡਾਲਰ) ਪ੍ਰਾਪਤ ਕੀਤੇ ਹਨ।
ਇਸ ਖੁਲਾਸੇ ਤੋਂ ਬਾਅਦ, ‘ਸਰੀ ਫਰਸਟ’ ਦੀ ਕੌਂਸਲਰ ਅਤੇ ਅਕਤੂਬਰ ਵਿੱਚ ਹੋਣ ਜਾ ਰਹੀਆਂ ਮਿਉਂਸੀਪਲ ਚੋਣਾਂ ਵਿੱਚ ਮੇਅਰ ਅਹੁਦੇ ਦੀ ਉਮੀਦਵਾਰ ਲਿੰਡਾ ਐਨਿਸ ਨੇ ਟੈਕਸਦਾਤਾਵਾਂ ਨਾਲ ਇੱਕ ਵੱਡਾ ਵਾਅਦਾ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਹ ਅਕਤੂਬਰ ਦੀਆਂ ਚੋਣਾਂ ਵਿੱਚ ਮੇਅਰ ਚੁਣੀ ਜਾਂਦੀ ਹੈ, ਤਾਂ ਉਹ ਖੇਤਰੀ ਸੰਸਥਾਵਾਂ ਤੋਂ ਮਿਲਣ ਵਾਲੀ ਕਿਸੇ ਵੀ ਕਿਸਮ ਦੀ ਵਾਧੂ ਆਮਦਨ ਜਾਂ ਮੀਟਿੰਗ ਫੀਸਾਂ ਨੂੰ ਸਵੀਕਾਰ ਨਹੀਂ ਕਰੇਗੀ। ਇਸ ਦੇ ਨਾਲ ਹੀ ਉਹ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕੰਮ ਕਰੇਗੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਲਿੰਡਾ ਐਨਿਸ ਨੇ ਕਿਹਾ ਕਿ ਜਦੋਂ ਤੁਸੀਂ ਮੇਅਰ ਚੁਣੇ ਜਾਂਦੇ ਹੋ, ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਤੁਹਾਡੀ ਤਨਖਾਹ ਕਿੰਨੀ ਹੈ। ਮੈਟਰੋ ਵੈਨਕੂਵਰ, ਮੇਅਰਜ਼ ਕੌਂਸਲ ਜਾਂ ਕਿਸੇ ਹੋਰ ਖੇਤਰੀ ਸੰਸਥਾ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣਾ ਮੇਅਰ ਦੀ ਨੌਕਰੀ ਦਾ ਹੀ ਇੱਕ ਹਿੱਸਾ ਹੈ। ਇਸ ਲਈ ਕੋਈ ਵਾਧੂ ਫੀਸ ਨਹੀਂ ਮਿਲਣੀ ਚਾਹੀਦੀ। ਜਨਤਾ ਦੇ ਟੈਕਸ ਦੇ ਪੈਸੇ ਦੀ ਇਸ ਬਰਬਾਦੀ ਤੋਂ ਹੁਣ ਲੋਕ ਅੱਕ ਚੁੱਕੇ ਹਨ। ਜੇਕਰ ਮੈਟਰੋ ਵੈਨਕੂਵਰ ਆਪਣੇ ਬੋਰਡ ਦੇ ਮੇਅਰਾਂ ਅਤੇ ਕੌਂਸਲਰਾਂ ਨੂੰ ਇਹ ਮੀਟਿੰਗ ਫੀਸਾਂ ਦੇਣਾ ਬੰਦ ਕਰ ਦੇਵੇ, ਤਾਂ ਇਸ ਨਾਲ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਟੈਕਸਦਾਤਾਵਾਂ ਦੇ ਲਗਭਗ $5 ਮਿਲੀਅਨ (50 ਲੱਖ ਡਾਲਰ) ਬਚਾਏ ਜਾ ਸਕਦੇ ਹਨ।
ਲਿੰਡਾ ਐਨਿਸ ਨੇ ਮੌਜੂਦਾ ਮੇਅਰ ਬਰੈਂਡਾ ਲਾਕ ਦੇ ਪਿਛਲੇ ਕੁਝ ਹਫ਼ਤਿਆਂ ਦੇ ਬਿਆਨਾਂ ’ਤੇ ਹੈਰਾਨੀ ਪ੍ਰਗਟਾਈ, ਜਿਨ੍ਹਾਂ ਵਿੱਚ ਲਾਕ ਨੇ ਮੈਟਰੋ ਵੈਨਕੂਵਰ ਦੀ ਆਲੋਚਨਾ ਕੀਤੀ ਸੀ। ਐਨਿਸ ਨੇ ਕਿਹਾ ਕਿ ਬਰੈਂਡਾ ਲਾਕ ਖੁਦ ਪਿਛਲੇ ਚਾਰ ਸਾਲਾਂ ਤੋਂ ਇਸ ਬੋਰਡ ਦਾ ਹਿੱਸਾ ਰਹੀ ਹੈ ਅਤੇ ਇਸ ਦੌਰਾਨ ਉਸਨੇ ਮੀਟਿੰਗਾਂ ਦੀ ਫੀਸ ਵਜੋਂ $100,000 (1 ਲੱਖ ਡਾਲਰ) ਤੋਂ ਵੱਧ ਦੀ ਰਕਮ ਬਟੋਰੀ ਹੈ। ਇੱਥੋਂ ਤੱਕ ਕਿ ਹਾਲ ਹੀ ਵਿੱਚ ਹੋਈ ਇੱਕ ਮੀਟਿੰਗ, ਜੋ ਕਿ ਸਿਰਫ਼ 4 ਮਿੰਟ ਤੋਂ ਵੀ ਘੱਟ ਸਮਾਂ ਚੱਲੀ ਸੀ, ਉਸ ਲਈ ਵੀ ਮੇਅਰ ਲਾਕ ਨੇ $577 ਦੀ ਫੀਸ ਵਸੂਲ ਕੀਤੀ।
ਬਰੈਂਡਾ ਲਾਕ ਪਿਛਲੇ ਚਾਰ ਸਾਲਾਂ ਵਿੱਚ ਮੈਟਰੋ ਵੈਨਕੂਵਰ ਦੁਆਰਾ ਲਏ ਗਏ ਹਰ ਗਲਤ ਫੈਸਲੇ ਵਿੱਚ ਬਰਾਬਰ ਦੀ ਹਿੱਸੇਦਾਰ ਰਹੀ ਹੈ। ਇਸ ਵਿੱਚ ’ਨੌਰਥ ਸ਼ੋਰ ਵੇਸਟਵਾਟਰ ਟਰੀਟਮੈਂਟ’ ਪ੍ਰੋਜੈਕਟ ਵੀ ਸ਼ਾਮਲ ਹੈ, ਜਿਸ ਦਾ ਬਜਟ ਤੈਅ ਸੀਮਾ ਤੋਂ $3 ਬਿਲੀਅਨ (3 ਅਰਬ ਡਾਲਰ) ਵੱਧ ਚੁੱਕਾ ਹੈ। ਹੁਣ ਜਦੋਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਅਤੇ ਲੋਕ ਮੈਟਰੋ ਦੀ ਨਾਕਾਮੀ ਤੋਂ ਦੁਖੀ ਹਨ, ਤਾਂ ਮੇਅਰ ਲਾਕ ਸਰੀ ਦੇ ਵੋਟਰਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਬਦਲਾਅ ਦੇ ਪੱਖ ਵਿੱਚ ਹੈ। ਅਸਲੀਅਤ ਇਹ ਹੈ ਕਿ ਉਸ ਕੋਲ ਬਦਲਾਅ ਕਰਨ ਲਈ ਚਾਰ ਸਾਲ ਦਾ ਸਮਾਂ ਸੀ, ਪਰ ਉਸਨੇ ਸਰੀ ਦੇ ਟੈਕਸਦਾਤਾਵਾਂ ਦੇ ਪੈਸੇ ਦੀ ਰੱਖਿਆ ਲਈ ਕੁਝ ਨਹੀਂ ਕੀਤਾ ਅਤੇ ਖੁਦ ਮੀਟਿੰਗਾਂ ਦੀਆਂ ਫੀਸਾਂ ਲੈਂਦੀ ਰਹੀ।
ਲਿੰਡਾ ਐਨਿਸ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੈਟਰੋ ਵੈਨਕੂਵਰ, ਮੇਅਰਜ਼ ਕੌਂਸਲ ਅਤੇ ਹੋਰ ਖੇਤਰੀ ਬੋਰਡਾਂ ਤੋਂ ਮਿਲਣ ਵਾਲੇ ਇਨ੍ਹਾਂ ਵਾਧੂ ਭੱਤਿਆਂ ਕਾਰਨ ਅੱਜ ਬ੍ਰਿਟਿਸ਼ ਕੋਲੰਬੀਆ (2.3.) ਦੇ ਕਈ ਮੇਅਰ ਸੂਬੇ ਦੇ ਮੁੱਖ ਮੰਤਰੀ ਨਾਲੋਂ ਵੀ ਵੱਧ ਕਮਾਈ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਮੰਗ ਕੀਤੀ ਕਿ ਮੈਟਰੋ ਵੈਨਕੂਵਰ ਨੂੰ ਆਪਣੇ ਬੁਨਿਆਦੀ ਕੰਮਾਂ, ਜਿਵੇਂ ਕਿ ਪਾਣੀ ਅਤੇ ਸੀਵਰੇਜ ਸਿਸਟਮ ’ਤੇ ਹੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ 41 ਮੈਂਬਰੀ ਵਿਸ਼ਾਲ ਬੋਰਡ ਦੇ ਆਕਾਰ ਨੂੰ ਛੋਟਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਸਰਕਾਰ ਦੀ ਇੱਕ ਹੋਰ ਮਹਿੰਗੀ ਪਰਤ ਬਣਨ ਦੀ ਬਜਾਏ, ਸਿਰਫ਼ ਇੱਕ ਲੋਕ-ਉਪਯੋਗੀ ਸੰਸਥਾ ਵਜੋਂ ਕੰਮ ਕਰ ਸਕੇ।
ਕੈਨੇਡਾ
ਸਰੀ ਦੀ ਮੇਅਰ ਬਰੈਂਡਾ ਲਾਕ ਦੇ ਨਾਂ ਜੁੜਿਆ ਅਨੋਖਾ ਰਿਕਾਰਡਚਾਰ ਸਾਲਾਂ ਵਿੱਚ ਤਨਖਾਹ ਅਤੇ ਭੱਤਿਆਂ ਦੇ ਰੂਪ ਵਿੱਚ ਲਏ 10 ਲੱਖ ਡਾਲਰ (1 ਮਿਲੀਅਨ); ਵਿਰੋਧੀ ਉਮੀਦਵਾਰ ਲਿੰਡਾ ਐਨਿਸ ਨੇ ਘੇਰਿਆ






