ਇਸ ਸੂਬਾ-ਵਿਆਪੀ ਵਿਸਥਾਰ ਰਾਹੀਂ ਬੀ.ਸੀ. ਦੇ EV ਡਰਾਈਵਰਾਂ ਲਈ ਵਧੇਰੇ ਤੇਜ਼ ਅਤੇਹੋਰ ਸੁਵਿਧਾਜਨਕ ਚਾਰਜਿੰਗ ਉਪਲਬਧ ਕਰਵਾਈ ਜਾਵੇਗੀ
ਰਿਚਮੰਡ–
ਸਾਰ
- ਬੀ ਸੀ ਹਾਇਡਰੋ ਸਾਲ 2035 ਤੱਕ 3,500 ਪਬਲਿਕ ਚਾਰਜਿੰਗ ਪੋਰਟ ਤਾਇਨਾਤ ਕਰੇਗੀ, ਜਿਸ ਨਾਲ ਕੈਨੇਡਾ ਦੇ ਸਭ ਤੋਂ ਵੱਡੇ ਪਬਲਿਕ ਚਾਰਜਿੰਗ ਨੈਟਵਰਕਾਂ ਵਿੱਚੋਂ ਇੱਕ ਤਿਆਰ ਹੋਵੇਗਾ
- ਇਹ ਵਿਸਥਾਰ ਬੀ ਸੀ ਹਾਇਡਰੋ ਦੇ ਮੌਜੂਦਾ ਚਾਰਜਿੰਗ ਨੈਟਵਰਕ ਦੇ ਆਕਾਰ ਨੂੰ ਤਿੰਨ ਗੁਣਾ ਤੋਂ ਵੀ ਵੱਧ ਕਰ ਦੇਵੇਗਾ ਅਤੇ ਸੂਬੇ ਭਰ ਵਿੱਚ ਚਾਰਜਿੰਗ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਕਰੇਗਾ
- ਬੀ.ਸੀ. ਭਰ ਦੇ ਭਾਈਚਾਰਿਆਂ, ਮੁੱਖ ਹਾਈਵੇਅ ਮਾਰਗਾਂ ਅਤੇ ਉੱਚ ਮੰਗ ਵਾਲੇ ਸ਼ਹਿਰੀ ਖੇਤਰਾਂ ਵਿੱਚ ਨਵੇਂ ਚਾਰਜਿੰਗ ਹੱਬ ਸਥਾਪਿਤ ਕੀਤੇ ਜਾਣਗੇ
- ਇਸ ਯੋਜਨਾ ਵਿੱਚ ਵਧੇਰੇ ਤੇਜ਼ ਚਾਰਜਿੰਗ ਤਕਨਾਲੋਜੀ, ਵੱਡੇ ਚਾਰਜਿੰਗ ਹੱਬ ਅਤੇ ਭਰੋਸੇਯੋਗਤਾ ਅਤੇ ਸੁਵਿਧਾ ਨੂੰ ਬਿਹਤਰ ਬਣਾਉਣ ਲਈ ਗਾਹਕ-ਕੇਂਦਰਿਤ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ
________________
ਬੀ ਸੀ ਹਾਇਡਰੋ ਦੇ ਨਾਲ ਮਿਲ ਕੇ, ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਚਾਰਜਿੰਗ ਨੈਟਵਰਕ ਦਾ ਵਿਸਥਾਰ ਕਰ ਰਿਹਾ ਹੈ, ਜਿਸ ਨਾਲ ਸੂਬੇ ਵਿੱਚ ਚਾਰਜਿੰਗ ਪੋਰਟਾਂ ਦੀ ਗਿਣਤੀ ਤਿੰਨ ਗੁਣਾ ਤੋਂ ਵੀ ਵੱਧ ਹੋ ਜਾਵੇਗੀ।
“ਵਿਦੇਸ਼ਾਂ ਵਿੱਚ ਵਧ ਰਹੇ ਟਕਰਾਵਾਂ ਕਾਰਨ ਇੱਥੇ ਘਰੇਲੂ ਪੱਧਰ ’ਤੇ ਈਂਧਨ (ਫਿਊਲ) ਦੀਆਂ ਕੀਮਤਾਂ ਵੱਧਣ ਨਾਲ ਹੋ ਰਹੀ ਪਰੇਸ਼ਾਨੀ ਦੇ ਮੱਦੇਨਜ਼ਰ, ਹੋਰ ਵੱਧ ਬ੍ਰਿਟਿਸ਼ ਕੋਲੰਬੀਆ ਵਾਸੀ ਇਲੈਕਟ੍ਰਿਕ ਵਾਹਨਾਂ ਵੱਲ ਰੁਖ ਕਰ ਰਹੇ ਹਨ,” ਊਰਜਾ ਅਤੇ ਜਲਵਾਯੂ ਤਬਦੀਲੀ ਦੇ ਹੱਲ ਮੰਤਰੀ, ਏਡਰੀਅਨ ਡਿਕਸ ਨੇ ਕਿਹਾ। “ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਹ ਇੱਕ ਅਜਿਹੇ ਚਾਰਜਿੰਗ ਨੈਟਵਰਕ ’ਤੇ ਭਰੋਸਾ ਕਰ ਸਕਣ ਜੋ ਸੁਵਿਧਾਜਨਕ ਅਤੇ ਭਰੋਸੇਯੋਗ ਹੋਵੇ। ਇਲੈਕਟ੍ਰਿਕ ਵਾਹਨਾਂ (EV) ਦੀ ਚਾਰਜਿੰਗ ਤੱਕ ਪਹੁੰਚ ਵਿੱਚ ਵੱਡੇ ਪੱਧਰ ’ਤੇ ਵਾਧਾ ਕਰਕੇ, ਅਸੀਂ ਅਜਿਹੇ ਵਾਹਨ ਦੀ ਚੋਣ ਨੂੰ ਹੋਰ ਆਸਾਨ ਬਣਾਵਾਂਗੇ ਜੋ ਪ੍ਰਦੂਸ਼ਣ ਘਟਾਉਂਦਾ ਹੈ ਅਤੇ ਹਰ ਵਾਰ ਗੱਡੀ ਚਲਾਉਣ ਵੇਲੇ ਪਰਿਵਾਰਾਂ ਦੇ ਪੈਸੇ ਬਚਾਉਂਦਾ ਹੈ।”
ਬੀ ਸੀ ਹਾਇਡਰੋ 2035 ਤੱਕ 3,500 ਨਵੇਂ ਪਬਲਿਕ ਚਾਰਜਿੰਗ ਪੋਰਟ ਤਾਇਨਾਤ ਕਰ ਰਹੀ ਹੈ ਤਾਂ ਜੋ ਸੂਬੇ ਵਿੱਚ ਵੱਧ ਰਹੀ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਨੂੰ ਸਹਿਯੋਗ ਦਿੱਤਾ ਜਾ ਸਕੇ ਅਤੇ ਪਬਲਿਕ ਚਾਰਜਿੰਗ ਦੀ ਵਧਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ।
$700 ਮਿਲੀਅਨ ਦੇ ਨਿਵੇਸ਼ ਦੇ ਸਹਿਯੋਗ ਨਾਲ, ਇਹ ਵਿਸਥਾਰ ਨੈਟਵਰਕ ਨੂੰ ਤਿੰਨ ਗੁਣਾ ਤੋਂ ਵੀ ਵੱਧ ਕਰੇਗਾ ਅਤੇ ਬੀ.ਸੀ. ਵਿੱਚ ਪਬਲਿਕ ਚਾਰਜਿੰਗ ਦੇ ਮੋਢੀ ਪ੍ਰਦਾਨਕ ਵਜੋਂ, ਬੀ ਸੀ ਹਾਇਡਰੋ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗਾ। ਅਗਲੇ ਦਹਾਕੇ ਦੌਰਾਨ, ਬੀ ਸੀ ਹਾਇਡਰੋ ਸੂਬੇ ਭਰ ਦੇ ਭਾਈਚਾਰਿਆਂ, ਮੁੱਖ ਹਾਈਵੇਅ ਮਾਰਗਾਂ ਅਤੇ ਉੱਚ ਮੰਗ ਵਾਲੇ ਸ਼ਹਿਰੀ ਕੇਂਦਰਾਂ ਵਿੱਚ ਨਵੇਂ ਚਾਰਜਿੰਗ ਹੱਬ ਸਥਾਪਿਤ ਕਰੇਗੀ, ਜਿਸ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ ਕਿ ਡਰਾਈਵਰਾਂ ਨੂੰ ਭਰੋਸੇਯੋਗ ਅਤੇ ਸੁਵਿਧਾਜਨਕ ਚਾਰਜਿੰਗ ਦੀ ਪਹੁੰਚ ਉੱਥੇ ਮਿਲੇ ਜਿੱਥੇ ਉਹ ਰਹਿੰਦੇ, ਕੰਮ ਕਰਦੇ ਅਤੇ ਸਫ਼ਰ ਕਰਦੇ ਹਨ।
EV ਚਾਰਜਿੰਗ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨਾ
ਬੀ ਸੀ ਹਾਇਡਰੋ ਦੇ ਪਬਲਿਕ ਫਾਸਟ-ਚਾਰਜਿੰਗ ਨੈਟਵਰਕ ਵਿੱਚ ਇਸ ਵੇਲੇ ਸੂਬੇ ਭਰ ਵਿੱਚ 190 ਸਥਾਨਾਂ ’ਤੇ 917 ਚਾਰਜਿੰਗ ਪੋਰਟ ਸ਼ਾਮਲ ਹਨ। ਮੰਗ ਦੇ ਲਗਾਤਾਰ ਵਧਣ ਦੇ ਨਾਲ, ਬੀ ਸੀ ਹਾਇਡਰੋ ਆਪਣੇ ਵਿਸਥਾਰ ਦੀਆਂ ਯੋਜਨਾਵਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ ਅਤੇ 2035 ਤੱਕ 3,500 ਪੋਰਟ ਸਥਾਪਿਤ ਕਰਨ ਦਾ ਟੀਚਾ ਰੱਖ ਰਹੀ ਹੈ।
ਇਹ ਵਿਸਥਾਰ ਬੀ.ਸੀ. ਭਰ ਦੇ ਭਾਈਚਾਰਿਆਂ ਵਿੱਚ ਹੋਰ ਚਾਰਜਿੰਗ ਸਮਰੱਥਾ ਮੁਹੱਈਆ ਕਰੇਗਾ, ਲੰਬੀ ਦੂਰੀ ਦੇ ਸਫ਼ਰ ਨੂੰ ਸਮਰਥਨ ਦੇਵੇਗਾ ਅਤੇ ਸੂਬੇ ਵਿੱਚ ਇਲੈਕਟ੍ਰਿਕ ਵਾਹਨਾਂ (EVs) ਨੂੰ ਤੇਜ਼ੀ ਨਾਲ ਅਪਣਾਏ ਜਾਣ ਦੇ ਵੱਧ ਰਹੇ ਰੁਝਾਨ ਦੇ ਨਾਲ ਕਦਮ ਮਿਲਾ ਕੇ ਚੱਲਣ ਵਿੱਚ ਮਦਦ ਕਰੇਗਾ।
ਬਿਹਤਰ ਚਾਰਜਿੰਗ ਅਨੁਭਵ ਮੁਹੱਈਆ ਕਰਨਾ
ਨੈਟਵਰਕ ਦੇ ਅਗਲੇ ਪੜਾਅ ਵਿੱਚ ਫਾਸਟ-ਚਾਰਜਿੰਗ ਹੱਬਾਂ ਦੀ ਇੱਕ ਨਵੀਂ ਪੀੜ੍ਹੀ ਸ਼ਾਮਲ ਕੀਤੀ ਜਾਵੇਗੀ, ਜਿਨ੍ਹਾਂ ਨੂੰ ਭਰੋਸੇਯੋਗਤਾ, ਇਕਸਾਰਤਾ ਅਤੇ ਗਾਹਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।
ਹਰ ਨਵਾਂ ਸਥਾਨ ਇੱਕ ਮਿਆਰੀ ਡਿਜ਼ਾਈਨ ਅਨੁਸਾਰ ਤਿਆਰ ਕੀਤਾ ਜਾਵੇਗਾ, ਜੋ ਗਾਹਕਾਂ ਦੇ ਚਾਰਜਿੰਗ ਦੇ ਅਨੁਭਵ ਅਤੇ ਪਹੁੰਚਯੋਗਤਾ ਨੂੰ ਬਿਹਤਰ ਬਣਾਏਗਾ, ਰੱਖ-ਰਖਾਅ ਨੂੰ ਸੌਖਾਬਣਾਏਗਾ ਅਤੇ ਨੈਟਵਰਕ ਦੇ ਕੁਸ਼ਲ ਵਿਸਥਾਰ ਵਿੱਚ ਯੋਗਦਾਨ ਪਾਏਗਾ। ਬੀ ਸੀ ਹਾਇਡਰੋ ਵੱਧ ਰਹੀ ਮੰਗ ਨੂੰ ਪੂਰਾ ਕਰਨ ਅਤੇ ਸਫ਼ਰ ਦੇ ਵਿਅਸਤ ਸਮਿਆਂ ਦੌਰਾਨ ਉਡੀਕ ਸਮਾਂ ਘਟਾਉਣ ਲਈ ਕਾਰਜਨੀਤਕ ਸਥਾਨਾਂ ’ਤੇ ਵੱਡੇ ਚਾਰਜਿੰਗ ਸਥਾਨ ਵੀ ਤਾਇਨਾਤ ਕਰੇਗੀ।
“ਬ੍ਰਿਟਿਸ਼ ਕੋਲੰਬੀਆ ਵਾਸੀ ਉੱਤਰੀ ਅਮਰੀਕਾ ਵਿੱਚ ਸਭ ਤੋਂ ਤੇਜ਼ ਦਰਾਂ ਵਿੱਚੋਂ ਇੱਕ ਨਾਲ ਇਲੈਕਟ੍ਰਿਕ ਵਾਹਨਾਂ ਨੂੰ ਅਪਣਾ ਰਹੇ ਹਨ, ਅਤੇ ਅਸੀਂ ਇਸ ਵਾਧੇ ਨੂੰ ਸਮਰਥਨ ਦੇਣ ਲਈ ਲੋੜੀਂਦਾ ਚਾਰਜਿੰਗ ਨੈਟਵਰਕ ਤਿਆਰ ਕਰ ਰਹੇ ਹਾਂ,” ਬੀ ਸੀ ਹਾਇਡਰੋ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ., ਸ਼ਾਰਲੈਟ ਮੀਠਾ ਨੇ ਕਿਹਾ। “3,500 ਚਾਰਜਿੰਗ ਪੋਰਟਾਂ ਤੱਕ ਵਿਸਥਾਰ ਕਰਨ, ਵਧੇਰੇ ਤੇਜ਼ ਚਾਰਜਿੰਗ ਤਕਨਾਲੋਜੀ ਸ਼ੁਰੂ ਕਰਨ ਅਤੇ ਹੋਰ ਭਰੋਸੇਯੋਗ, ਗਾਹਕ-ਕੇਂਦਰਿਤ ਚਾਰਜਿੰਗ ਹੱਬ ਤਿਆਰ ਕਰਨ ਰਾਹੀਂ, ਅਸੀਂ EV ਡਰਾਈਵਰਾਂ ਨੂੰ ਇਹ ਭਰੋਸਾ ਦੇ ਰਹੇ ਹਾਂ ਕਿ ਬੀ.ਸੀ. ਵਿੱਚ ਉਨ੍ਹਾਂ ਦਾ ਸਫ਼ਰ ਜਿੱਥੇ ਵੀ ਲੈ ਕੇ ਜਾਵੇ, ਉੱਥੇ ਉਨ੍ਹਾਂ ਨੂੰ ਨਿਰਭਰਯੋਗ ਚਾਰਜਿੰਗ ਉਪਲਬਧ ਹੋਵੇਗੀ।“
EV ਚਾਰਜਿੰਗ ਦੀ ਅਗਲੀ ਪੀੜ੍ਹੀ ਲਈ ਤਿਆਰੀ
ਨੈਟਵਰਕ ਦੇ ਇਸ ਵਿਸਥਾਰ ਵਿੱਚ ਕਾਰਗੁਜ਼ਾਰੀ ਅਤੇ ਗਾਹਕਾਂ ਦੀ ਸੁਵਿਧਾ ਨੂੰ ਬਿਹਤਰ ਬਣਾਉਣ ਲਈ ਕਈ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਹੋਣਗੀਆਂ, ਜਿਵੇਂ ਕਿ:
- ਸਾਈਟ ਦੇ ਮਿਆਰੀਡਿਜ਼ਾਈਨ, ਜੋ ਭਰੋਸੇਯੋਗਤਾ, ਪਹੁੰਚਯੋਗਤਾ ਅਤੇ ਸਮੁੱਚੇ ਗਾਹਕ ਅਨੁਭਵ ਨੂੰ ਬਿਹਤਰ ਬਣਾਉਣਗੇ
- ਕਾਰਜਨੀਤਕ ਸਥਾਨਾਂ ’ਤੇ ਨਵੇਂ ਵਿਸ਼ੇਸ਼ ਸਥਾਨ (signature sites), ਜੋ ਵਾਸ਼ਰੂਮਾਂ ਵਰਗੀਆਂ ਵਿਸ਼ੇਸ਼ ਸੁਵਿਧਾਵਾਂ ਦੇਣਗੇ
- ਨਵੇਂ ਪ੍ਰਦਰਸ਼ਨੀ ਸਥਾਨ (showcase sites), ਜੋ ਕੈਨੋਪੀਜ਼ ਅਤੇ ਡਿਜੀਟਲ ਸਾਈਨਾਂ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਸਭ ਤੋਂ ਉੱਚ ਪੱਧਰੀ ਚਾਰਜਿੰਗ ਅਨੁਭਵ ਮੁਹੱਈਆ ਕਰਨਗੇ
- ਵਧੇਰੇ ਤੇਜ਼ ਅਤੇ ਭਵਿੱਖ ਲਈ ਤਿਆਰ ਚਾਰਜਿੰਗ ਤਕਨਾਲੋਜੀ, ਜਿਸ ਵਿੱਚ200-ਕਿਲੋਵਾਟ ਵਾਲੇ ਚਾਰਜਰ ਨੈਟਵਰਕ ਦਾ ਮਿਆਰੀ ਹਿੱਸਾਬਣਨਗੇ, ਵੱਧ ਮੰਗ ਵਾਲੇ ਚੁਣੇ ਹੋਏ ਸਥਾਨਾਂ ’ਤੇ 400-ਕਿਲੋਵਾਟ ਅਲਟਰਾ-ਫਾਸਟ ਚਾਰਜਰ ਲਗਾਏ ਜਾਣਗੇ, ਅਤੇ ਨਵੀਨਤਾਕਾਰੀ ਚਾਰਜਿੰਗ ਤਕਨਾਲੋਜੀਆਂ ਦੀ ਖੋਜ ਜਾਰੀ ਰੱਖੀ ਜਾਵੇਗੀ ਤਾਂ ਜੋ ਗਾਹਕਾਂ ਦੀਆਂ ਵੱਧ ਰਹੀਆਂ ਉਮੀਦਾਂ ਅਤੇ ਬਾਜ਼ਾਰ ਵਿੱਚ ਆ ਰਹੇ EVs ਦੀਆਂ ਵਧਦੀਆਂ ਸਮਰੱਥਾਵਾਂ ਦੇ ਨਾਲ ਕਦਮ ਮਿਲਾਇਆ ਜਾ ਸਕੇ
- ਬਿਹਤਰ ਗਾਹਕ ਵਿਸ਼ੇਸ਼ਤਾਵਾਂ, ਜਿਨ੍ਹਾਂ ਵਿੱਚ ਪਲੱਗ-ਐਂਡ-ਚਾਰਜ ਸਮਰੱਥਾ ਅਤੇ ਟੈਪ-ਟੂ-ਪੇਅਦੀ ਕੁਸ਼ਲਤਾ ਸ਼ਾਮਲ ਹੈ
ਬੀ.ਸੀ. ਦੇ ਇਲੈਕਟ੍ਰਿਕ ਹਾਈਵੇਅ ਦੀ ਸਫਲਤਾ ਨੂੰ ਅੱਗੇ ਵਧਾਉਣਾ
ਇਹ ਵਿਸਥਾਰ ਪਬਲਿਕ ਫਾਸਟ ਚਾਰਜਿੰਗ ਦੇ ਖੇਤਰ ਵਿੱਚ ਬੀ ਸੀ ਹਾਇਡਰੋ ਵੱਲੋਂ ਕੀਤੇ ਗਏ ਕੰਮ ਨੂੰ ਅੱਗੇ ਵਧਾਉਂਦਾ ਹੈ। ਸੂਬੇ ਨਾਲ ਮਿਲ ਕੇ, ਬੀ ਸੀ ਹਾਇਡਰੋ ਨੇ ਬੀ.ਸੀ. ਦੇ ਇਲੈਕਟ੍ਰਿਕ ਹਾਈਵੇਅ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ, ਜਿਸ ਰਾਹੀਂ ਮੁੱਖ ਹਾਈਵੇਅ ਮਾਰਗਾਂ ਅਤੇ ਯਾਤਰਾ ਕੌਰੀਡੋਰਾਂ ਦੇ ਨਾਲ ਲਗਭਗ ਹਰ 150 ਕਿਲੋਮੀਟਰ ’ਤੇ ਸਥਿਤ ਫਾਸਟ ਚਾਰਜਰਾਂ ਦਾ ਇੱਕ ਸੂਬਾ-ਵਿਆਪੀ ਨੈਟਵਰਕ ਤਿਆਰ ਕੀਤਾ ਗਿਆ।
EV ਡਰਾਈਵਰ ਬ੍ਰਿਟਿਸ਼ ਕੋਲੰਬੀਆ ਭਰ ਵਿੱਚ ਇਹ ਜਾਣਦੇ ਹੋਏ ਭਰੋਸੇ ਨਾਲ ਸਫ਼ਰ ਕਰ ਸਕਦੇ ਹਨਕਿ ਸੂਬੇ ਭਰ ਦੇ ਭਾਈਚਾਰਿਆਂ ਅਤੇ ਮੁੱਖ ਆਵਾਜਾਈ ਮਾਰਗਾਂ ਦੇ ਨਾਲ ਭਰੋਸੇਯੋਗ ਫਾਸਟ ਚਾਰਜਿੰਗ ਉਪਲਬਧ ਹੈ। ਵਿਸਥਾਰ ਦਾ ਅਗਲਾ ਪੜਾਅ ਇਸ ਬੁਨਿਆਦ ਨੂੰ ਹੋਰ ਮਜ਼ਬੂਤ ਕਰੇਗਾ, ਜਿਸ ਤਹਿਤ ਨੈਟਵਰਕ ਭਰ ਵਿੱਚ ਵਧੇਰੇ ਚਾਰਜਿੰਗ ਸਮਰੱਥਾ, ਹੋਰ ਤੇਜ਼ ਚਾਰਜਿੰਗ ਤਕਨਾਲੋਜੀ ਅਤੇ ਬਿਹਤਰ ਗਾਹਕ ਅਨੁਭਵ ਮੁਹੱਈਆ ਕਰਵਾਇਆ ਜਾਵੇਗਾ।
ਇਹ ਵਿਸਥਾਰ ਬੀ.ਸੀ. ਦੇ ਵਾਤਾਵਰਨ ਪੱਖੋਂ ਵਧੇਰੇ ਸਾਫ਼ਆਵਾਜਾਈ ਪ੍ਰਣਾਲੀ ਵੱਲ ਤਬਦੀਲੀ ਨੂੰ ਸਮਰਥਨ ਦਿੰਦਾ ਹੈ ਅਤੇ ਨਾਲ ਹੀ ਡਰਾਈਵਰਾਂ ਨੂੰ ਸੂਬੇ ਵਿੱਚ ਜਿੱਥੇ ਵੀ ਉਹ ਸਫ਼ਰ ਕਰਨ, ਉੱਥੇ ਭਰੋਸੇਯੋਗ ਅਤੇ ਭਵਿੱਖ ਲਈ ਤਿਆਰ ਚਾਰਜਿੰਗ ਅਨੁਭਵ ਮੁਹੱਈਆ ਕਰਦਾ ਹੈ।
ਪਬਲਿਕ ਚਾਰਜਰਾਂ ਲਈ ਹੋਰ ਆਰਥਿਕ ਸਹਾਇਤਾ
ਬੀ ਸੀ ਹਾਇਡਰੋ ਦੇ 3,500 ਪਬਲਿਕ ਚਾਰਜਿੰਗ ਪੋਰਟਾਂ ਤੋਂ ਇਲਾਵਾ, ਸੂਬਾ ਕਾਰੋਬਾਰਾਂ, ਗੈਰ-ਮੁਨਾਫ਼ਾ ਸੰਸਥਾਵਾਂ, ਇੰਡੀਜਨਸ ਭਾਈਚਾਰਿਆਂ, ਸਥਾਨਕ ਸਰਕਾਰਾਂ, ਯੂਟਿਲਿਟੀਜ਼ ਅਤੇ ਜਨਤਕ-ਖੇਤਰ ਦੀਆਂ ਸੰਸਥਾਵਾਂ ਨੂੰ ਬੀ.ਸੀ. ਦੇ ਚਾਰਜਿੰਗ ਨੈਟਵਰਕ ਦਾ ਵਿਸਥਾਰ ਕਰਨ ਵਿੱਚ ਮਦਦ ਕਰ ਰਿਹਾ ਹੈ। ‘ਕਲੀਨ ਬੀ ਸੀ ਗੋ ਇਲੈਕਟ੍ਰਿਕ ਪਬਲਿਕ ਚਾਰਜਰ ਪ੍ਰੋਗਰਾਮ’ਲਈ ਅਰਜ਼ੀਆਂ ਖੁੱਲ੍ਹੀਆਂ ਹਨ, ਜਿਸ ਤਹਿਤ ਨਵੇਂ ਪਬਲਿਕ ਫਾਸਟ ਚਾਰਜਰਾਂ ਵਿੱਚ ਲਗਭਗ $18 ਮਿਲੀਅਨ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਵਿੱਚ ਇੰਡੀਜਨਸ, ਪੇਂਡੂ ਅਤੇ ਉੱਤਰੀ ਇਲਾਕੇ ਦੇ ਭਾਈਚਾਰਿਆਂ ਦੇ ਨਾਲ-ਨਾਲ ਉਨ੍ਹਾਂਉੱਚ ਮੰਗ ਵਾਲੇ ਖੇਤਰਾਂ ’ਤੇ ਖਾਸ ਧਿਆਨ ਦਿੱਤਾ ਜਾਵੇਗਾ ਜਿੱਥੇ ਡਰਾਈਵਰਾਂ ਨੂੰ ਲੰਬੇ ਸਮੇਂ ਤੱਕ ਉਡੀਕ ਕਰਨੀ ਪੈਂਦੀ ਹੈ।
ਫ਼ੌਰੀ ਤੱਥ:
- 1 ਅਪ੍ਰੈਲ 2026 ਤੱਕ, ਸੂਬੇ ਵਿੱਚ 238,000 ਤੋਂ ਵੱਧ ਲਾਈਟ-ਡਿਊਟੀ ਜ਼ੀਰੋ-ਨਿਕਾਸ ਵਾਹਨ ਰਜਿਸਟਰਡ ਸਨ, ਇਹ ਅੰਕੜਾ 2015 ਵਿੱਚ 3,000 ਤੋਂ ਵੱਧ ਦਾ ਸੀ।
- 1 ਅਪ੍ਰੈਲ 2026 ਤੱਕ, ਬੀ.ਸੀ. ਵਿੱਚ 8,900 ਤੋਂ ਵੱਧ ਪਬਲਿਕ ਚਾਰਜਿੰਗ ਪੋਰਟ ਮੌਜੂਦ ਹਨ।
- ਇਨ੍ਹਾਂ ਵਿੱਚੋਂ 6,599 ਲੈਵਲ 2 ਪੋਰਟ ਸਨ ਅਤੇ 2,317 ਫਾਸਟ-ਚਾਰਜਿੰਗ ਪੋਰਟ ਸਨ, ਜੋ 2023 ਦੇ ਮੁਕਾਬਲੇ 87% ਦਾ ਵਾਧਾ ਦਰਸਾਉਂਦੇ ਹਨ।
- 2025 ਵਿੱਚ, ਜ਼ੀਰੋ-ਨਿਕਾਸ ਵਾਹਨ ਖੇਤਰ ਨੇ ਬੀ.ਸੀ. ਦੀ ਆਰਥਿਕਤਾ ਵਿੱਚ $2.1 ਬਿਲੀਅਨ (ਸਿੱਧੇ ਅਤੇ ਅਸਿੱਧੇ ਤੌਰ ’ਤੇ) ਦਾ ਯੋਗਦਾਨ ਪਾਇਆ ਅਤੇ ਕੁੱਲ 16,400 ਲੋਕਾਂ ਨੂੰ ਰੁਜ਼ਗਾਰ ਦਿੱਤਾ, ਜਿਨ੍ਹਾਂ ਵਿੱਚੋਂ 9,340 ਸਿੱਧੇ ਰੁਜ਼ਗਾਰ ਸਨ।
ਹੋਰ ਜਾਣੋ:
- ਬੀ ਸੀ ਹਾਇਡਰੋ ਦੇ ਪਬਲਿਕ ਚਾਰਜਿੰਗ ਨੈਟਵਰਕ ਬਾਰੇ ਹੋਰ ਜਾਣਕਾਰੀ ਲਈ, ਇਸ ਲਿੰਕ ‘ਤੇ ਜਾਓ: https://bchydro.com/fastcharging
- ‘ਕਲੀਨ ਬੀ ਸੀ ਗੋ ਇਲੈਕਟ੍ਰਿਕ ਪਬਲਿਕ ਚਾਰਜਰ ਪ੍ਰੋਗਰਾਮ’ ਬਾਰੇ ਹੋਰ ਜਾਣਨ ਲਈ, ਇਸ ਲਿੰਕ ‘ਤੇ ਜਾਓ: https://goelectricbc.gov.bc.ca/find-rebates/public-charging-light-duty/
ਸੰਪਰਕ:
| ਊਰਜਾ ਅਤੇ ਜਲਵਾਯੂ ਤਬਦੀਲੀ ਦੇ ਹੱਲ ਮੰਤਰਾਲਾ | ਬੀ ਸੀ ਹਾਇਡਰੋ | |
| ਮੀਡੀਆ ਰਿਲੇਸ਼ਨਜ਼ Energymedia@gov.bc.ca | ਮੀਡੀਆ ਰਿਲੇਸ਼ਨਜ਼ Media@bchydro.com 604-928-6488 |
ਬੀ.ਸੀ. ਸੂਬੇ ਨਾਲ ਜੁੜੋ:news.gov.bc.ca/connect






