ਸਰੀ, 24 ਅਕਤੂਬਰ 2026 | ਅੱਜ ਦੀ ਖ਼ਬਰ ਵਿਸ਼ੇਸ਼ ਰਿਪੋਰਟ: ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿੱਚ ਵੱਡੀ ਸਿਆਸੀ ਤਬਦੀਲੀ ਸਾਹਮਣੇ ਆਈ ਹੈ। Elections BC ਦੀ ਰਾਤ 11:01 ਵਜੇ ਦੀ ਸ਼ੁਰੂਆਤੀ ਗਿਣਤੀ ਮੁਤਾਬਕ BC Conservative Party 93 ਵਿੱਚੋਂ 64 ਹਲਕਿਆਂ ਵਿੱਚ ਅੱਗੇ ਚੱਲ ਰਹੀ ਹੈ, ਜਦਕਿ BC NDP 27 ਅਤੇ BC Green Party 2 ਹਲਕਿਆਂ ਵਿੱਚ ਬੜ੍ਹਤ ਬਣਾਈ ਹੋਈ ਹੈ।
ਪ੍ਰਮੁੱਖ ਕੈਨੇਡੀਅਨ ਨਿਊਜ਼ ਸੰਸਥਾਵਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਬਹੁਮਤ ਸਰਕਾਰ ਬਣਨ ਦਾ ਅਨੁਮਾਨ ਐਲਾਨ ਦਿੱਤਾ ਹੈ। ਇਸ ਨਾਲ ਪਾਰਟੀ ਆਗੂ ਲੌਰਨ ਡੋਰਕਸਨ ਬ੍ਰਿਟਿਸ਼ ਕੋਲੰਬੀਆ ਦੇ ਅਗਲੇ ਪ੍ਰੀਮੀਅਰ ਬਣਨ ਵੱਲ ਵਧ ਰਹੇ ਹਨ।
ਕੰਜ਼ਰਵੇਟਿਵ ਪਾਰਟੀ ਨੂੰ ਲਗਭਗ 48 ਫ਼ੀਸਦੀ ਵੋਟਾਂ
ਅਧਿਕਾਰਤ ਸ਼ੁਰੂਆਤੀ ਅੰਕੜਿਆਂ ਅਨੁਸਾਰ ਕੰਜ਼ਰਵੇਟਿਵ ਪਾਰਟੀ ਨੂੰ 823,103 ਵੋਟਾਂ, ਭਾਵ 48.00 ਫ਼ੀਸਦੀ ਸਮਰਥਨ ਮਿਲਿਆ ਹੈ। ਐਨਡੀਪੀ ਨੂੰ 640,993 ਵੋਟਾਂ (37.38 ਫ਼ੀਸਦੀ) ਅਤੇ ਗ੍ਰੀਨ ਪਾਰਟੀ ਨੂੰ 189,447 ਵੋਟਾਂ (11.05 ਫ਼ੀਸਦੀ) ਮਿਲੀਆਂ ਹਨ।
ਉਸ ਸਮੇਂ ਤੱਕ 96.56 ਫ਼ੀਸਦੀ ਬੈਲਟ ਬਾਕਸਾਂ ਦੀ ਰਿਪੋਰਟ ਆ ਚੁੱਕੀ ਸੀ। ਹਾਲਾਂਕਿ ਇਹ ਅੰਕੜੇ ਅੰਤਿਮ ਨਹੀਂ ਹਨ ਅਤੇ ਬਾਕੀ ਵੋਟਾਂ ਦੀ ਗਿਣਤੀ ਨਾਲ ਤਬਦੀਲੀ ਸੰਭਵ ਹੈ।
1928 ਤੋਂ ਬਾਅਦ ਵੱਡੀ ਵਾਪਸੀ
ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਆਖ਼ਰੀ ਵਾਰ 1928 ਵਿੱਚ ਸਾਈਮਨ ਫਰੇਜ਼ਰ ਟੋਲਮੀ ਦੀ ਅਗਵਾਈ ਹੇਠ ਬਹੁਮਤ ਸਰਕਾਰ ਬਣਾਈ ਸੀ। ਹੁਣ ਲਗਭਗ 98 ਸਾਲਾਂ ਬਾਅਦ ਪਾਰਟੀ ਨੂੰ ਮੁੜ ਆਪਣੇ ਦਮ ’ਤੇ ਸੱਤਾ ਸੰਭਾਲਣ ਦਾ ਮੌਕਾ ਮਿਲਣ ਜਾ ਰਿਹਾ ਹੈ।
2024 ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵ 44 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਬਣੇ ਸਨ। ਇਸ ਵਾਰ ਪਾਰਟੀ ਦੀ ਅਨੁਮਾਨਿਤ ਜਿੱਤ ਸੂਬੇ ਦੇ ਸਿਆਸੀ ਸਮੀਕਰਨਾਂ ਵਿੱਚ ਵੱਡਾ ਬਦਲਾਅ ਦਰਸਾਉਂਦੀ ਹੈ।
ਡੇਵਿਡ ਈਬੀ ਨੇ ਪਾਰਟੀ ਲੀਡਰਸ਼ਿਪ ਛੱਡੀ
ਚੋਣ ਰਾਤ ਨੂੰ ਡੇਵਿਡ ਈਬੀ ਨੇ BC NDP ਦੀ ਲੀਡਰਸ਼ਿਪ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਅਤੇ ਲੌਰਨ ਡੋਰਕਸਨ ਨੂੰ ਉਨ੍ਹਾਂ ਦੀ ਚੋਣ ਸਫ਼ਲਤਾ ਲਈ ਵਧਾਈ ਦਿੱਤੀ।
ਐਨਡੀਪੀ 2017 ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ ਸੱਤਾ ਸੰਭਾਲ ਰਹੀ ਸੀ। ਸਤੰਬਰ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਫ਼ੈਸਲਾ ਕਰਨ ਵਾਲੇ ਈਬੀ ਲਈ ਇਹ ਨਤੀਜਾ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।
ਸਰੀ ਵਿੱਚ ਕੰਜ਼ਰਵੇਟਿਵ ਉਮੀਦਵਾਰਾਂ ਦੀ ਮਜ਼ਬੂਤ ਬੜ੍ਹਤ
ਸਰੀ ਦੇ ਕਈ ਮਹੱਤਵਪੂਰਨ ਹਲਕਿਆਂ ਵਿੱਚ ਕੰਜ਼ਰਵੇਟਿਵ ਉਮੀਦਵਾਰਾਂ ਨੇ ਵੱਡੀ ਬੜ੍ਹਤ ਬਣਾਈ ਹੈ।
ਸਰੀ ਨੌਰਥ ਵਿੱਚ ਮਨਦੀਪ ਸਿੰਘ ਧਾਲੀਵਾਲ 7,276 ਵੋਟਾਂ ਨਾਲ ਅੱਗੇ ਹਨ, ਜਦਕਿ ਐਨਡੀਪੀ ਦੇ ਸਾਹਿਬ ਥਿੰਦ ਨੂੰ 4,148 ਵੋਟਾਂ ਮਿਲੀਆਂ ਹਨ।
ਸਰੀ ਨਿਊਟਨ ਵਿੱਚ ਡਾ. ਹਰਜ ਧਾਲੀਵਾਲ 7,225 ਵੋਟਾਂ ਨਾਲ ਅੱਗੇ ਹਨ ਅਤੇ ਐਨਡੀਪੀ ਦੀ ਜੈਸੀ ਸੁੰਨਰ ਨੂੰ 5,424 ਵੋਟਾਂ ਮਿਲੀਆਂ ਹਨ।
ਸਰੀ ਫਲੀਟਵੁੱਡ ਵਿੱਚ ਕੰਜ਼ਰਵੇਟਿਵ ਉਮੀਦਵਾਰ ਗੈਰੀ ਪੁਰੇਵਾਲ 8,639 ਵੋਟਾਂ ਨਾਲ ਅੱਗੇ ਹਨ, ਜਦਕਿ ਐਨਡੀਪੀ ਦੇ ਜਗਰੂਪ ਬਰਾੜ ਨੂੰ 6,482 ਵੋਟਾਂ ਮਿਲੀਆਂ ਹਨ।
ਸਰੀ ਗਿਲਡਫੋਰਡ ਵਿੱਚ ਗੈਰੀ ਥਿੰਦ, ਸਰੀ ਪੈਨੋਰਾਮਾ ਵਿੱਚ ਬ੍ਰਾਇਨ ਟੈਪਰ ਅਤੇ ਸਰੀ ਸਰਪੈਂਟਾਈਨ ਰਿਵਰ ਵਿੱਚ ਜੈਸੀ ਸਾਹੋਤਾ ਵੀ ਆਪਣੇ ਮੁਕਾਬਲੇਬਾਜ਼ਾਂ ਤੋਂ ਅੱਗੇ ਚੱਲ ਰਹੇ ਹਨ।
ਸਰੀ ਸਿਟੀ ਸੈਂਟਰ ਵਿੱਚ ਕੰਜ਼ਰਵੇਟਿਵ ਉਮੀਦਵਾਰ ਜ਼ੀਸ਼ਾਨ ਵਾਹਲਾ 5,313 ਵੋਟਾਂ ਨਾਲ ਅੱਗੇ ਹਨ, ਜਦਕਿ ਐਨਡੀਪੀ ਦੀ ਅਮਨਾ ਸ਼ਾਹ ਨੂੰ 4,931 ਵੋਟਾਂ ਮਿਲੀਆਂ ਹਨ।
ਨਵੀਂ ਸਰਕਾਰ ਸਾਹਮਣੇ ਵੱਡੀਆਂ ਚੁਣੌਤੀਆਂ
ਚੋਣ ਮੁਹਿੰਮ ਦੌਰਾਨ ਮਹਿੰਗਾਈ, ਰਿਹਾਇਸ਼ ਦੀਆਂ ਕੀਮਤਾਂ, ਸਿਹਤ ਸੇਵਾਵਾਂ, ਆਰਥਿਕ ਵਿਕਾਸ ਅਤੇ ਜਨਤਕ ਸੁਰੱਖਿਆ ਪ੍ਰਮੁੱਖ ਮੁੱਦੇ ਰਹੇ।
ਕੰਜ਼ਰਵੇਟਿਵ ਪਾਰਟੀ ਨੇ ਟੈਕਸ ਰਾਹਤ, ਸਰਕਾਰੀ ਨਿਯਮਾਂ ਵਿੱਚ ਕਟੌਤੀ ਅਤੇ ਕੁਦਰਤੀ ਗੈਸ ਉਤਪਾਦਨ ਵਧਾਉਣ ਵਰਗੀਆਂ ਤਜਵੀਜ਼ਾਂ ਪੇਸ਼ ਕੀਤੀਆਂ ਹਨ।
ਹੁਣ ਨਵੀਂ ਸਰਕਾਰ ਲਈ ਇਨ੍ਹਾਂ ਚੋਣ ਵਾਅਦਿਆਂ ਨੂੰ ਪੂਰਾ ਕਰਨਾ ਅਤੇ ਸੂਬੇ ਦੀ ਆਰਥਿਕ ਸਥਿਤੀ ਸੰਭਾਲਣਾ ਅਹਿਮ ਪ੍ਰੀਖਿਆ ਹੋਵੇਗੀ।
ਚੋਣ ਨਤੀਜਿਆਂ ਦੇ ਅਨੁਮਾਨ ਬ੍ਰਿਟਿਸ਼ ਕੋਲੰਬੀਆ ਵਿੱਚ ਇਤਿਹਾਸਕ ਸੱਤਾ ਤਬਦੀਲੀ ਵੱਲ ਇਸ਼ਾਰਾ ਕਰ ਰਹੇ ਹਨ। ਹਾਲਾਂਕਿ ਅੰਤਿਮ ਗਿਣਤੀ ਬਾਕੀ ਹੈ, ਪਰ ਲੌਰਨ ਡੋਰਕਸਨ ਦੀ ਅਗਵਾਈ ਹੇਠ ਕੰਜ਼ਰਵੇਟਿਵ ਸਰਕਾਰ ਬਣਨ ਦੀ ਸੰਭਾਵਨਾ ਹੁਣ ਮਜ਼ਬੂਤ ਹੋ ਚੁੱਕੀ ਹੈ।
ਸੰਪਾਦਕੀ ਨੋਟ: ਅੰਕੜੇ Elections BC ਦੇ 24 ਅਕਤੂਬਰ 2026, ਰਾਤ 11:01 ਵਜੇ PST ਦੇ ਸ਼ੁਰੂਆਤੀ ਨਤੀਜਿਆਂ ’ਤੇ ਆਧਾਰਿਤ ਹਨ।




