ਲਾਰਡ ਟਵੀਡਜ਼ਮਿਊਰ ਸੈਕੰਡਰੀ ਸਕੂਲ ਅਤੇ ਪਾਰਕਿੰਗ ਦੀ ਤਲਾਸ਼ੀ ਮਗਰੋਂ ਪੁਲੀਸ ਨੇ ਖ਼ਤਰੇ ਦੀ ਪੁਸ਼ਟੀ ਨਾ ਹੋਣ ਬਾਰੇ ਦੱਸਿਆ।
ਸਰੀ ਪੁਲੀਸ ਨੇ ਕਲੋਵਰਡੇਲ ਦੇ ਲਾਰਡ ਟਵੀਡਜ਼ਮਿਊਰ ਸੈਕੰਡਰੀ ਸਕੂਲ ਨੂੰ ਮਿਲੀਆਂ ਧਮਕੀਆਂ ਦੀ ਜਾਂਚ ਮਗਰੋਂ ਉਨ੍ਹਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਪੁਲੀਸ ਮੁਤਾਬਕ ਸਰੀ ਸਕੂਲਜ਼ ਨੇ ੧੭ ਨਵੰਬਰ ਨੂੰ ਦੁਪਹਿਰ ਕਰੀਬ ੧੨ ਵੱਜ ਕੇ ੪੭ ਮਿੰਟ ’ਤੇ ਧਮਕੀਆਂ ਦੀ ਸੂਚਨਾ ਦਿੱਤੀ ਸੀ। ਅਧਿਕਾਰੀਆਂ ਨੇ ਪੁਲੀਸ ਦੇ ਸਿਖਲਾਈ ਪ੍ਰਾਪਤ ਕੁੱਤਿਆਂ ਵਾਲੇ ਦਸਤੇ ਅਤੇ ਐਮਰਜੈਂਸੀ ਰਿਸਪਾਂਸ ਟੀਮ ਨਾਲ ਸਕੂਲ ਤੇ ਪਾਰਕਿੰਗ ਦੀ ਤਲਾਸ਼ੀ ਲਈ।
ਇਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੁਰੱਖਿਅਤ ਥਾਂ ਲਿਜਾਇਆ ਗਿਆ। ਪੁਲੀਸ ਹੁਣ ਮਾਮਲੇ ਦੀ ਸ਼ੱਕੀ ‘ਸਵਾਟਿੰਗ’ ਕਾਲ ਵਜੋਂ ਜਾਂਚ ਕਰ ਰਹੀ ਹੈ। ਇਸ ਤਰ੍ਹਾਂ ਦੀ ਕਾਲ ਵਿੱਚ ਝੂਠੀ ਐਮਰਜੈਂਸੀ ਦੱਸ ਕੇ ਪੁਲੀਸ ਨੂੰ ਮੌਕੇ ’ਤੇ ਭੇਜਿਆ ਜਾਂਦਾ ਹੈ।
ਪੁਲੀਸ ਦੇ ਅੰਤਿਮ ਅਪਡੇਟ ਮੁਤਾਬਕ ਵਿਦਿਆਰਥੀਆਂ ਨੂੰ ਆਪਣਾ ਸਮਾਨ ਲੈਣ ਲਈ ਸਕੂਲ ਵਿੱਚ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਅਤੇ ਇਲਾਕੇ ਦੀਆਂ ਸਾਰੀਆਂ ਸੜਕਾਂ ਖੋਲ੍ਹ ਦਿੱਤੀਆਂ ਗਈਆਂ ਸਨ।




