ਦੋ ਸਾਲਾ ਲੈਬਰਾਡੋਰ ਨੂੰ ਮੋਬਾਈਲ ਫ਼ੋਨ, ਮੈਮਰੀ ਕਾਰਡ ਅਤੇ ਹੋਰ ਉਪਕਰਨਾਂ ਵਿੱਚ ਮੌਜੂਦ ਰਸਾਇਣਕ ਤੱਤ ਪਛਾਣਨ ਦੀ ਸਿਖਲਾਈ ਦਿੱਤੀ ਗਈ ਹੈ।
ਸਰੀ ਪੁਲੀਸ ਸਰਵਿਸ ਨੇ ਅਪਰਾਧਿਕ ਜਾਂਚਾਂ ਦੌਰਾਨ ਲੁਕਾਏ ਇਲੈਕਟ੍ਰਾਨਿਕ ਉਪਕਰਨ ਲੱਭਣ ਲਈ ਨਿਕਸ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਦੋ ਸਾਲਾ ਮਾਦਾ ਲੈਬਰਾਡੋਰ ਪੁਲੀਸ ਦੀ ਸਾਈਬਰ ਅਪਰਾਧ ਟੀਮ ਨਾਲ ਕੰਮ ਕਰੇਗੀ। ਪੁਲੀਸ ਨੇ ੧੭ ਨਵੰਬਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਸ ਤਰ੍ਹਾਂ ਦੇ ਸਿਖਲਾਈ ਪ੍ਰਾਪਤ ਕੁੱਤੇ ਮੋਬਾਈਲ ਫ਼ੋਨ, ਮੈਮਰੀ ਕਾਰਡ, ਯੂਐੱਸਬੀ ਸਟਿੱਕ ਅਤੇ ਟਿਕਾਣਾ ਦੱਸਣ ਵਾਲੇ ਉਪਕਰਨਾਂ ਵਿੱਚ ਵਰਤੇ ਰਸਾਇਣਕ ਤੱਤਾਂ ਦੀ ਗੰਧ ਪਛਾਣ ਸਕਦੇ ਹਨ। ਪੁਲੀਸ ਮੁਤਾਬਕ ਇਸ ਨਾਲ ਉਹ ਉਪਕਰਨ ਲੱਭਣ ਵਿੱਚ ਮਦਦ ਮਿਲਦੀ ਹੈ ਜਿਨ੍ਹਾਂ ਵਿੱਚ ਜਾਂਚ ਨਾਲ ਸਬੰਧਤ ਸਬੂਤ ਹੋ ਸਕਦੇ ਹਨ।
ਨਿਕਸ ਸਾਰਜੈਂਟ ਐਮਿਲੀ ਓਵਿੰਗਟਨ ਨਾਲ ਕੰਮ ਕਰੇਗੀ। ਪੁਲੀਸ ਦਾ ਕਹਿਣਾ ਹੈ ਕਿ ਨਿਕਸ ਪਹਿਲਾਂ ਹੀ ਛੇ ਸਫ਼ਲ ਤਲਾਸ਼ੀਆਂ ਵਿੱਚ ਹਿੱਸਾ ਲੈ ਚੁੱਕੀ ਹੈ।




